ਝਾਰਖੰਡ ਦੇ ਜਮਸ਼ੇਦਪੁਰ ’ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਟਾਟਾਨਗਰ ਸਟੇਸ਼ਨ ਕੈਂਪਸ ਵਿੱਚ ਇੱਕ ਔਰਤ ਨੇ ਕੱਲ੍ਹ ਮੰਗਲਵਾਰ ਨੂੰ ਦੋ ਹਜ਼ਾਰ ਰੁਪਏ ’ਚ ਆਪਣੇ ਦੋ ਮਹੀਨਿਆਂ ਦੇ ਮਾਸੂਮ ਬੱਚੇ ਨੂੰ ਵੇਚ ਦਿੱਤਾ।
ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੀ ਉਸ ਔਰਤ ਨੇ ਦੱਸਿਆ ਕਿ ਜੇ ਉਹ ਬੱਚੇ ਨੂੰ ਨਾ ਵੇਚਦੀ, ਤਾਂ ਉਸ ਨੇ ਭੁੱਖ ਤੇ ਠੰਢ ਨਾਲ ਮਰ ਜਾਣਾ ਸੀ।
ਟਾਟਾਨਗਰ ਸਟੇਸ਼ਨ ਦੇ ਬਹਰ ਚਾਇਬਾਸਾ ਸਟੈਂਡ ਕੋਲ ਚਾਹ ਤੇ ਪਾਨ ਦੀ ਦੁਕਾਨ ਲਾਉਣ ਵਾਲਿਆਂ ’ਚ ਇਹ ਘਟਨਾ ਕੱਲ੍ਹ ਦਿਨ ਭਰ ਚਰਚਾ ਦਾ ਕੇਂਦਰ ਬਣੀ ਰਹੀ। ਚਸ਼ਮਦੀਦ ਗਵਾਹਾਂ ਮੁਤਾਬਕ ਇੱਕ ਸਕੂਟੀ ’ਤੇ ਤਿੰਨ ਜਣੇ (ਨੌਜਵਾਨ ਆਦਮੀ, ਔਰਤ ਤੇ ਇੱਕ ਬਜ਼ੁਰਗ ਔਰਤ) ਆਏ ਸਨ।
ਸਟੇਸ਼ਨ ਦੇ ਸਫ਼ਾਈ ਮੁਲਾਜ਼ਮਾਂ ਦੀ ਵਰਦੀ ’ਚ ਬੈਠੀ ਗ਼ਰੀਬ ਔਰਤ ਨੂੰ ਪਹਿਲਾਂ ਉਸ ਬਜ਼ੁਰਗ ਔਰਤ ਨੇ ਆਪਣੇ ਬੈਗ ਵਿੱਚੋਂ ਸਵੈਟਰ ਦਿੱਤਾ। ਮਾਂ ਨੇ ਤਦ ਉਹ ਸਵੈਟਰ ਆਪਣੇ ਬੱਚੇ ਨੂੰ ਪਹਿਨਾ ਦਿੱਤਾ। ਬੱਚੇ ਦੀ ਮਾਂ ਦੇ ਹੱਥ ਉੱਤੇ ਕੁਝ ਰੱਖਣ ਤੋਂ ਬਾਅਦ ਉਹ ਤਿੰਨੇ ਜਣੇ ਉੱਥੋਂ ਬੱਚਾ ਲੈ ਕੇ ਚਲੇ ਗਏੇ।
ਉਸ ਕੋਲ ਪਹਿਲਾਂ ਤਿੰਨ ਸਾਲਾਂ ਦੀ ਇੱਕ ਬੱਚੀ ਵੀ ਹੈ। ਦੋਵੇਂ ਮਾਂ–ਧੀ ਬੱਸ ਦੀ ਉਡੀਕ ’ਚ ਖਲੋਤੇ ਯਾਤਰੀਆਂ ਤੋਂ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਹਨ।
ਇਸ ਘਟਨਾ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਰੇਲ ਮੁਲਾਜ਼ਮ ਉਸ ਗਰੀਬੜੀ ਕੋਲ ਪੁੱਜੇ ਤੇ ਉਸ ਤੋਂ ਪੁੱਛਗਿੱਛ ਕੀਤੀ। ਉਸ ਨੇ ਦੱਸਿਆ ਕਿ ਜੇ ਉਹ ਆਪਣਾ ਬੱਚਾ ਨਾ ਵੇਚਦੀ, ਤਾਂ ਉਸ ਨੇ ਠੰਢ ਤੇ ਭੁੱਖ ਨਾਲ ਮਰ ਜਾਣਾ ਸੀ। ਉਸ ਨੇ ਕਿਹਾ ਕਿ ਉਸ ਦਾ ਹੋਰ ਕੋਈ ਨਹੀਂ ਹੈ।
ਉਹ ਕਿੱਥੋਂ ਦੀ ਰਹਿਣ ਵਾਲੀ ਹੈ, ਇਹ ਗੱਲ ਉਸ ਨੇ ਨਹੀਂ ਦੱਸੀ।