ਮੱਧ ਪ੍ਰਦੇਸ਼ ਦੀ ਸਿਆਸਤ ’ਚ ਅਚਾਨਕ ਵੱਡੀ ਸਿਆਸੀ ਹਿੱਲਜੁੱਲ ਹੋਈ ਹੈ। ਕਾਂਗਰਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਉੱਤੇ 8 ਵਿਧਾਇਕਾਂ ਨੂੰ ਹਰਿਆਣਾ ਦੇ ਇੱਕ ਹੋਟਲ ’ਚ ਬੰਧਕ ਬਣਾ ਕੇ ਰੱਖਣ ਦਾ ਦੋਸ਼ ਲਾਇਆ ਹੈ। ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀ ਜੀਤੂ ਪਟਵਾਰੀ ਨੇ ਕਿਹਾ ਕਿ ‘ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਸਾਬਕਾ ਮੰਤਰੀ ਨਰੋਤਮ ਮਿਸ਼ਰਾ, ਭੁਪੇਂਦਰ ਸਿੰਘ ਅਤੇ ਰਾਮਪਾਲ ਸਿੰਘ ਸਮੇਤ ਹੋਰ ਭਾਜਪਾ ਆਗੂ ਇੱਕ ਸਾਜ਼ਿਸ਼ ਅਧੀਨ ਅੱਠ ਵਿਧਾਇਕਾਂ ਨੂੰ ਜ਼ਬਰਦਸਤੀ ਹਰਿਆਣਾ ਦੇ ਇੱਕ ਹੋਟਲ ’ਚ ਲੈ ਗਏ ਹਨ।’
ਸ੍ਰੀ ਜੀਤੂ ਪਟਵਾਰੀ ਨੇ ਕਿਹਾ – ‘ਵਿਧਾਇਕਾਂ ਨੇ ਸਾਨੂੰ ਦੱਸਿਆ ਹੈ ਕਿ ਭਾਜਪਾ ਆਗੂਆਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਬੰਧਕ ਬਣਾ ਲਿਆ ਸੀ। ਅਸੀਂ ਵਿਧਾਇਕਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਵਿੱਚੋਂ ਚਾਰ ਵਾਪਸ ਵੀ ਆ ਗਏ ਹਨ।’
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਦੱਸਿਆ ਕਿ ਹਾਲਾਤ ਕਾਬੂ ਹੇਠ ਹਨ। ਵਿਧਾਇਕ ਵਾਪਸ ਆਉਣਗੇ। ਕਾਂਗਰਸ ਦੇ ਸੂਤਰਾਂ ਮੁਤਾਬਕ ਜਿਹੜੇ ਅੱਠ ਵਿਧਾਇਕਾਂ ਨੂੰ ਹਰਿਆਣਾ ਲਿਜਾਂਦਾ ਗਿਆ ਹੈ, ਉਨ੍ਹਾਂ ਵਿੱਚੋਂ ਚਾਰ ਕਾਂਗਰਸ ਦੇ ਹਨ, ਇੱਕ ਆਜ਼ਾਦ ਹੈ ਜਦ ਕਿ ਬਾਕੀ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਦੇ ਹਨ।
ਕਾਂਗਰਸੀ ਆਗੂ ਸ੍ਰੀ ਦਿਗਵਿਜੇ ਸਿੰਘ ਨੇ ਦੋਸ਼ ਲਾਇਆ ਹੈ ਕਿ ਮੱਧ ਪ੍ਰਦੇਸ਼ ’ਚ ਭਾਜਪਾ ਦੇ ਰਾਮਪਾਲ ਸਿੰਘ, ਨਰੋਤਮ ਮਿਸ਼ਰਾ, ਅਰਵਿੰਦ ਭਦੌਰੀਆ, ਸੰਜੇ ਪਾਠਕ ਹੋਟਲ ’ਚ ਬੰਧਕ ਬਣਾ ਕੇ ਰੱਖੇ ਵਿਧਾਇਕਾਂ ਨੂੰ ਪੈਸੇ ਦੇਣ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਜੇ ਕੋਈ ਛਾਪਾ ਪਿਆ ਹੁੰਦਾ, ਤਾਂ ਉਹ ਫੜੇ ਜਾਂਦੇ… ਸਾਨੂੰ ਲੱਗਦਾ ਹੈ ਕਿ 10–11 ਵਿਧਾਇਕ ਸਨ। ਹਾਲੇ ਕੇਵਲ ਚਾਰ ਵਿਧਾਇਕ ਹੀ ਉਨ੍ਹਾਂ ਦੇ ਨਾਲ ਹਨ, ਉਹ ਵੀ ਸਾਡੇ ਕੋਲ ਵਾਪਸ ਆ ਜਾਣਗੇ।
ਸ੍ਰੀ ਦਿਗਵਿਜੇ ਸਿੰਘ ਨੇ ਅੱਗੇ ਕਿਹਾ ਕਿ ਜਦੋਂ ਸਾਨੂੰ ਪਤਾ ਚੱਲਿਆ, ਤਾਂ ਜੀਤੂ ਪਟਵਾਰੀ ਅਤੇ ਜੈਵਰਧਨ ਸਿੰਘ ਉੱਥੇ ਗਏ। ਜਿਹੜੇ ਲੋਕਾਂ ਨਾਲ ਸਾਡਾ ਸੰਪਰਕ ਹੋ ਸਅਕਾ ਸੀ, ਉਹ ਸਾਡੇ ਕੋਲ ਵਾਪਸ ਆਉਣ ਲਈ ਤਿਆਰ ਸਨ। ਅਸੀਂ ਬਿਸਾਹੂਲਾਲ ਸਿੰਘ ਅਤੇ ਰਮਾਬਾਈ ਦੇ ਸੰਪਰਕ ਵਿੱਚ ਸਾਂ। ਰਮਾਬਾਈ ਪਰਤ ਆਏ ਹਨ; ਤਦ ਵੀ ਭਾਜਪਾ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।