ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

 ਨ੍ਰਿਤ ਕਲਾ ਦੀ ਮਾਹਿਰ: ਮ੍ਰਿਣਾਲਿਨੀ ਸਾਰਾਭਾਈ

 ਨ੍ਰਿਤ ਕਲਾ ਦੀ ਮਾਹਿਰ: ਮ੍ਰਿਣਾਲਿਨੀ ਸਾਰਾਭਾਈ

       ਭਾਰਤ ਦੀ ਉੱਘੀ ਸ਼ਾਸਤਰੀ ਨ੍ਰਿਤਕਾਰਾ ਸ਼੍ਰੀਮਤੀ ਮ੍ਰਿਣਾਲਿਨੀ ਸਾਰਾਭਾਈ ਦਾ ਜਨਮ 11 ਮਈ 1918 ਨੂੰ ਕੇਰਲ ਵਿਖੇ ਸਵਾਮੀਨਾਥਨ ਦੇ ਘਰ ਮਾਤਾ ਅੰਮੂ ਦੀ ਕੁੱਖੋਂ ਹੋਇਆ। ਇਸ ਪਰਿਵਾਰ ਨੇ ਆਪੋ- ਆਪਣੇ ਖੇਤਰ ਵਿੱਚ ਬੜੇ ਮਹੱਤਵਪੂਰਨ ਕਾਰਜ ਕੀਤੇ: ਮ੍ਰਿਣਾਲਿਨੀ ਦੇ ਪਿਤਾ ਮਦਰਾਸ ਹਾਈਕੋਰਟ ਦੇ ਪ੍ਰਸਿੱਧ ਵਕੀਲ ਹੋਣ ਦੇ ਨਾਲ- ਨਾਲ ਮਦਰਾਸ ਲਾਅ ਕਾਲਜ ਦੇ ਪ੍ਰਿੰਸੀਪਲ ਵੀ ਰਹੇ।ਮਾਂ ਅੰਮੂ ਆਪਣੇ ਸਮੇਂ ਦੀ ਸਿਰਕੱਢ ਔਰਤ ਸੀ, ਜਿਸ ਨੇ ਜੰਗੇ- ਆਜ਼ਾਦੀ ਵਿੱਚ ਭਰਪੂਰ ਯੋਗਦਾਨ ਦਿੱਤਾ।

 

 

ਮ੍ਰਿਣਾਲਿਨੀ ਦੀ ਵੱਡੀ ਭੈਣ ਲਕਸ਼ਮੀ ਸਹਿਗਲ ਨੇਤਾ ਜੀ ਸੁਭਾਸ਼ ਚੰਦਰ ਬੋਸ ਦੁਆਰਾ ਸਥਾਪਿਤ 'ਆਜ਼ਾਦ ਹਿੰਦ ਫ਼ੌਜ' (ਇੰਡੀਅਨ ਨੈਸ਼ਨਲ ਆਰਮੀ) ਵਿੱਚ 'ਰਾਣੀ ਝਾਂਸੀ ਰੈਜੀਮੈਂਟ' ਦੀ ਕਮਾਂਡਰ- ਇਨ- ਚੀਫ ਸੀ। ਉਸਦਾ ਵੱਡਾ ਭਰਾ ਗੋਵਿੰਦ ਸਵਾਮੀਨਾਥਨ ਆਪਣੇ ਪਿਤਾ ਵਾਂਗ ਹੀ ਮਦਰਾਸ ਦਾ ਪ੍ਰਸਿੱਧ ਵਕੀਲ ਸੀ, ਜਿਸ ਨੂੰ ਸੰਵਿਧਾਨਕ ਅਤੇ ਕ੍ਰਿਮੀਨਲ ਲਾਅ ਦੇ ਨਾਲ- ਨਾਲ ਸਿਵਲ ਅਤੇ ਕੰਪਨੀ ਲਾਅ ਵਿੱਚ ਵੀ ਕਾਫ਼ੀ ਮੁਹਾਰਤ ਸੀ। ਉਸਨੇ ਮਦਰਾਸ ਦੇ ਅਟਾਰਨੀ ਜਨਰਲ ਵਜੋਂ ਵੀ ਸੇਵਾਵਾਂ ਨਿਭਾਈਆਂ। 

 

 

            ਮ੍ਰਿਣਾਲਿਨੀ ਨੇ ਆਪਣੇ ਕਾਰਜ- ਖੇਤਰ ਵਿੱਚ ਕਲਾਸੀਕਲ ਡਾਂਸਰ, ਕੋਰੀਓਗ੍ਰਾਫਰ ਅਤੇ ਇੰਸਟਰੱਕਟਰ ਵਜੋਂ ਪ੍ਰਸਿੱਧੀ ਹਾਸਲ ਕੀਤੀ। ਉਸਨੇ ਆਪਣਾ ਬਚਪਨ ਸਵਿਟਜ਼ਰਲੈਂਡ ਵਿਖੇ ਬਿਤਾਇਆ, ਜਿੱਥੇ ਉਸਨੇ ਡੈਲਕਰੋਜ਼ ਸਕੂਲ ਵਿੱਚ ਪੜ੍ਹਾਈ ਕੀਤੀ। ਇਸ ਸਕੂਲ ਵਿੱਚ ਪੱਛਮੀ ਸ਼ੈਲੀ ਦੀਆਂ ਨ੍ਰਿਤ- ਮੁਦਰਾਵਾਂ ਸਿਖਾਈਆਂ ਜਾਂਦੀਆਂ ਸਨ। ਕੁਝ ਸਮਾਂ ਉਹਨੇ ਗੁਰੂਦੇਵ ਰਾਬਿੰਦਰ ਨਾਥ ਟੈਗੋਰ ਦੀ ਦੇਖਰੇਖ ਹੇਠ ਸ਼ਾਂਤੀ ਨਿਕੇਤਨ ਵਿਖੇ ਵੀ ਪੜਾਈ ਕੀਤੀ।

 

 

ਉਹ ਅਮਰੀਕਾ ਦੀ 'ਅਮੈਰਿਕਨ ਅਕੈਡਮੀ ਆਫ਼ ਡਰਾਮੈਟਿਕ ਆਰਟਸ' ਵਿੱਚ ਵੀ ਪੜ੍ਹਦੀ ਰਹੀ। ਭਾਰਤ ਵਿੱਚ ਉਸ ਨੇ ਦੱਖਣ- ਭਾਰਤੀ ਕਲਾਸੀਕਲ ਨ੍ਰਿਤ- ਸ਼ੈਲੀਆਂ ਦੀ ਸਿਖਲਾਈ ਪ੍ਰਾਪਤ ਕੀਤੀ, ਜਿਨ੍ਹਾਂ ਵਿੱਚ 'ਭਰਤਨਾਟਿਅਮ' ਅਤੇ 'ਕਥਾਕਲੀ' ਨ੍ਰਿਤ ਪ੍ਰਮੁੱਖ ਸਨ। ਇਨ੍ਹਾਂ ਸ਼ੈਲੀਆਂ ਵਿੱਚ ਪ੍ਰਵੀਣ ਹੋਣ ਲਈ ਉਹਨੇ ਕ੍ਰਮਵਾਰ ਮੀਨਾਕਸ਼ੀ ਸੁੰਦਰ ਪਿੱਲੇ ਅਤੇ ਤਕਸ਼ੀ ਕੁੰਚੂ ਕੁਰੂਪ ਦੀ ਸ਼ਾਗਿਰਦੀ ਕਬੂਲ ਕੀਤੀ। 

 

 

              1942 ਵਿੱਚ ਮ੍ਰਿਣਾਲਿਨੀ ਦੀ ਸ਼ਾਦੀ ਭਾਰਤੀ ਸਪੇਸ ਪ੍ਰੋਗਰਾਮ ਦੇ ਪਿਤਾਮਾ ਵਿਕਰਮ ਸਾਰਾਭਾਈ ਨਾਲ ਹੋ ਗਈ, ਜਿਨ੍ਹਾਂ ਨੇ ਮ੍ਰਿਣਾਲਿਨੀ ਨੂੰ ਆਪਣੀਆਂ ਗਤੀਵਿਧੀਆਂ ਲਈ ਪੂਰੀ ਖੁੱਲ੍ਹ ਦਿੱਤੀ ਹੋਈ ਸੀ। ਮ੍ਰਿਣਾਲਿਨੀ ਦੇ ਦੋ ਬੱਚੇ ਹਨ- ਬੇਟੀ ਮੱਲਿਕਾ ਅਤੇ ਬੇਟਾ ਕਾਰਤੀਕੇਯ। ਇਨ੍ਹਾਂ ਦੋਹਾਂ ਬੱਚਿਆਂ ਨੇ ਵੀ ਮਾਂ ਵਾਂਗ ਨ੍ਰਿਤ ਅਤੇ ਥੀਏਟਰ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਹੈ। 1948 ਵਿੱਚ ਮ੍ਰਿਣਾਲਿਨੀ ਨੇ ਅਹਿਮਦਾਬਾਦ ਵਿਖੇ 'ਦਰਪਣ' ਨਾਂ ਦੀ ਪਰਫਾਰਮਿੰਗ ਆਰਟਸ ਦੀ ਅਕੈਡਮੀ ਸ਼ੁਰੂ ਕੀਤੀ। ਇੱਕ ਸਾਲ ਪਿੱਛੋਂ ਉਸ ਨੇ ਪੈਰਿਸ ਦੇ 'ਥੀਏਟਰ ਡੀ ਚੈਲੀਅਟ' ਵਿੱਚ ਆਪਣੀ ਪੇਸ਼ਕਾਰੀ ਦਿੱਤੀ, ਜਿਸ ਦੀ ਦੂਰ-ਦੁਰਾਡੇ ਕਾਫੀ ਪ੍ਰਸ਼ੰਸਾ ਹੋਈ। 

 

 

            ਮ੍ਰਿਣਾਲਿਨੀ ਨੇ ਕਰੀਬ 300 ਨ੍ਰਿਤ- ਪੇਸ਼ਕਾਰੀਆਂ ਲਈ ਕੋਰੀਓਗ੍ਰਾਫ਼ੀ ਕੀਤੀ। ਇਹਦੇ ਨਾਲ- ਨਾਲ ਉਹਨੇ ਬੱਚਿਆਂ ਲਈ ਬਹੁਤ ਸਾਰੇ ਨਾਵਲ, ਕਹਾਣੀਆਂ, ਕਵਿਤਾਵਾਂ ਅਤੇ ਨਾਟਕਾਂ ਦੀ ਰਚਨਾ ਵੀ ਕੀਤੀ। ਉਹ 'ਗੁਜਰਾਤ ਸਟੇਟ ਹੈਂਡੀਕਰਾਫਟਸ ਐਂਡ ਹੈਂਡਲੂਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ' ਅਤੇ 'ਨਹਿਰੂ ਫਾਊਂਡੇਸ਼ਨ ਫਾਰ ਡਿਵੈਲਪਮੈਂਟ' ਦੀ ਚੇਅਰਪਰਸਨ ਵੀ ਰਹੀ। ਉਹ ਗਾਂਧੀਵਾਦੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਵਾਲੇ 'ਸਰਵੋਦਯ ਇੰਟਰਨੈਸ਼ਨਲ ਟਰੱਸਟ' ਦੀ ਟ੍ਰੱਸਟੀ ਵੀ ਰਹੀ। ਉਸ ਦੀ ਇੱਕ ਸਵੈ- ਜੀਵਨੀ "ਮ੍ਰਿਣਾਲਿਨੀ ਸਾਰਾਭਾਈ: ਦ ਵਾਇਸ ਆਫ ਦ ਹਾਰਟ" ਵੀ ਪ੍ਰਕਾਸ਼ਿਤ ਹੋ ਚੁੱਕੀ ਹੈ। 

 (ਖੱਬੇ) ਪੰਡਤ ਜਵਾਹਰਲਾਲ ਨਹਿਰੂ ਅਤੇ (ਸੱਜੇ) ਰਾਬਿੰਦਰ ਨਾਥ ਟੈਗੋਰ ਨਾਲ ਮ੍ਰਿਣਾਲਿਨੀ ਸਾਰਾਭਾਈ

 

                ਮ੍ਰਿਣਾਲਿਨੀ ਨੂੰ ਉਹਦੇ ਕਾਰਜਾਂ ਲਈ ਭਾਰਤ ਸਰਕਾਰ ਵੱਲੋਂ 1965 ਵਿੱਚ 'ਪਦਮਸ੍ਰੀ' ਅਤੇ 1992 ਵਿੱਚ 'ਪਦਮ ਭੂਸ਼ਣ' ਦੇ ਕੇ ਸਨਮਾਨਿਤ ਕੀਤਾ ਗਿਆ। 1997 ਵਿੱਚ ਉਸ ਨੂੰ ਯੂਨੀਵਰਸਿਟੀ ਆਫ ਈਸਟ ਐਂਗਲੀਆ, ਨੌਰਵਿਚ, ਯੂ.ਕੇ. ਵੱਲੋਂ 'ਡਾਕਟਰ ਆਫ ਲੈਟਰਜ਼' ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ। ਡਾਂਸ ਫਰੈਂਚ ਆਰਕਾਈਵਜ਼ ਤੋ ਮੈਡਲ ਅਤੇ ਡਿਪਲੋਮਾ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਸੀ।

 

 

1990 ਵਿੱਚ ਉਸ ਨੂੰ ਪੈਰਿਸ ਦੀ ਅੰਤਰ-ਰਾਸ਼ਟਰੀ ਡਾਂਸ ਕੌਂਸਲ ਦੀ ਐਗਜ਼ੀਕਿਊਟਿਵ ਕਮੇਟੀ ਲਈ ਨਾਮਜ਼ਦ ਕੀਤਾ ਗਿਆ। 1994  ਵਿੱਚ ਸੰਗੀਤ ਨਾਟਕ ਅਕੈਡਮੀ, ਨਵੀਂ ਦਿੱਲੀ ਵੱਲੋਂ ਮ੍ਰਿਣਾਲਿਨੀ ਨੂੰ ਫੈਲੋਸ਼ਿਪ ਦਿੱਤੀ ਗਈ। ਮੈਕਸੀਕੋ ਦੀ ਬੈਲੇ ਫੋਕਲੋਰਿਕੋ ਲਈ ਉਸਨੂੰ ਮੈਕਸੀਕਨ ਸਰਕਾਰ ਵੱਲੋਂ ਗੋਲਡ ਮੈਡਲ ਭੇਟ ਕੀਤਾ ਗਿਆ। 28 ਦਸੰਬਰ 1998 ਨੂੰ 'ਦਰਪਣ ਅਕੈਡਮੀ ਆਫ਼ ਪਰਫਾਰਮਿੰਗ ਆਰਟਸ' ਨੇ ਆਪਣੀ ਗੋਲਡਨ ਜੁਬਲੀ ਸਮੇਂ ਕਿਸੇ ਸ਼ਖ਼ਸੀਅਤ ਨੂੰ ਕਲਾਸੀਕਲ ਨ੍ਰਿਤ ਦੇ ਖੇਤਰ ਵਿੱਚ "ਮ੍ਰਿਣਾਲਿਨੀ ਸਾਰਾਭਾਈ ਅਵਾਰਡ ਫਾਰ ਕਲਾਸੀਕਲ ਐਕਸੀਲੈਂਸ" ਹਰ ਵਰ੍ਹੇ ਦੇਣ ਦਾ ਐਲਾਨ ਕੀਤਾ। 

 

 

          ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਹੀ ਉਹਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਪਰ ਅਗਲੇ ਦਿਨ ਹੀ ਉਹ ਦਮ ਤੋੜ ਗਈ। ਮ੍ਰਿਣਾਲਿਨੀ ਨੂੰ ਉਹਦੇ ਜਾਣਕਾਰ 'ਅੰਮਾ' ਕਹਿ ਕੇ ਬੁਲਾਉਂਦੇ ਸਨ। ਉਹਦੀ 'ਦਰਪਣ' ਅਕੈਡਮੀ ਵੱਲੋਂ ਹੁਣ ਤੱਕ ਕਰੀਬ 18000 ਵਿਦਿਆਰਥੀਆਂ ਨੂੰ ਸ਼ਾਸਤਰੀ ਨਾਚਾਂ ਦੀ ਸਿੱਖਿਆ ਦਿੱਤੀ ਜਾ ਚੁਕੀ ਹੈ। ਭਾਰਤ ਦੀ ਉੱਘੀ ਸ਼ਾਸਤਰੀ ਨ੍ਰਿਤਕਾਰਾ ਸ਼੍ਰੀਮਤੀ ਮ੍ਰਿਣਾਲਿਨੀ ਸਾਰਾਭਾਈ 21 ਜਨਵਰੀ 2016 ਨੂੰ ਕਰੀਬ 97½  ਸਾਲ ਦੀ ਉਮਰ ਵਿੱਚ ਅਹਿਮਦਾਬਾਦ (ਗੁਜਰਾਤ) ਵਿਖੇ ਹਮੇਸ਼ਾ ਲਈ ਦੁਨੀਆਂ ਤੋਂ ਰੁਖ਼ਸਤ ਹੋ ਗਈ। ਨਾਚ, ਖ਼ਾਸ ਕਰਕੇ ਕਲਾਸੀਕਲ ਨਾਚ ਦੇ ਪ੍ਰਸ਼ੰਸਕਾਂ ਲਈ ਉਹ ਹਮੇਸ਼ਾ ਪ੍ਰੇਰਣਾਸ੍ਰੋਤ ਬਣੀ ਰਹੇਗੀ। 

 

 

ਸਰੀਰਕ ਤੌਰ ਤੇ ਸਾਥੋਂ ਬਹੁਤ ਦੂਰ ਜਾ ਚੁੱਕੀ ਹੈ, ਪਰ ਉਹ ਆਪਣੀ ਵਿਲੱਖਣ ਕਥਾ-ਸ਼ੈਲੀ ਕਰਕੇ ਹਮੇਸ਼ਾ ਸਾਡੇ ਅੰਗਸੰਗ ਰਹੇਗੀ।

==============

 

- ਪ੍ਰੋ . ਨਵ ਸੰਗੀਤ ਸਿੰਘ


 

ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ,ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ - 151302(ਬਠਿੰਡਾ), 9417692015

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mrinalini Sarabhai Art of Dance Expert