ਦੁਨੀਆ 'ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਹੁਣ ਤੱਕ ਭਾਰਤ ਵਿੱਚ 375 ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਾ ਹੈ। ਦੇਸ਼ 'ਚ ਸਭ ਤੋਂ ਮਾੜੇ ਹਾਲਾਤ ਮਹਾਰਾਸ਼ਟਰ 'ਚ ਹਨ। ਸੂਬੇ 'ਚ ਕੋਵਿਡ-19 ਕਾਰਨ 178 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚੋਂ 100 ਤੋਂ ਵੱਧ ਮੌਤਾਂ ਮੁੰਬਈ 'ਚ ਹੋਈਆਂ ਹਨ। ਮੁੰਬਈ ਦੇ ਕਈ ਹਸਪਤਾਲਾਂ ਦਾ ਸਟਾਫ਼ ਇਸ ਵਾਇਰਸ ਦੇ ਜਾਲ ਵਿੱਚ ਫਸ ਚੁੱਕਾ ਹੈ, ਜਿਸ ਨਾਲ ਇਲਾਜ ਵੀ ਮੁਸ਼ਕਲ ਹੋ ਰਿਹਾ ਹੈ।
ਮੁੰਬਈ ਦੇ ਭਾਟੀਆ ਹਸਪਤਾਲ ਵਿੱਚ 10 ਹੋਰ ਸਿਹਤ ਮੁਲਾਜ਼ਮ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ। ਇਨ੍ਹਾਂ ਨਵੇਂ ਮਰੀਜ਼ਾਂ ਨਾਲ ਹਸਪਤਾਲ ਦੇ ਸਟਾਫ਼ 'ਚੋਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 35 ਹੋ ਗਈ ਹੈ। ਟਾਈਮਜ਼ ਆਫ ਇੰਡੀਆ ਦੇ ਅਨੁਸਾਰ ਭਾਟੀਆ ਹਸਪਤਾਲ ਹੁਣ ਸ਼ਹਿਰ ਦਾ ਦੂਜਾ ਅਜਿਹਾ ਹਸਪਤਾਲ ਬਣ ਗਿਆ ਹੈ, ਜਿਥੇ ਵੱਡੀ ਗਿਣਤੀ ਵਿੱਚ ਸਟਾਫ ਕੋਰੋਨਾ ਪੀੜਤ ਹੈ। ਪਹਿਲੇ ਨੰਬਰ 'ਤੇ ਵਾਕਹਾਰਟ ਹਸਪਤਾਲ ਹੈ, ਜਿਸ ਦੇ 52 ਮੁਲਾਜ਼ਮ ਇਸ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ।
ਮੁੰਬਈ ਵਿੱਚ ਹੁਣ ਸਿਹਤ ਖੇਤਰ ਨਾਲ ਜੁੜੇ ਕੁਲ 137 ਲੋਕ ਕੋਰੋਨਾ ਪਾਜ਼ੀਟਿਵ ਹੋ ਚੁੱਕੇ ਹਨ। ਮਤਲਬ ਸ਼ਹਿਰ ਦੇ ਕੁਲ ਕੋਰੋਨਾ ਪਾਜ਼ੀਟਿਵ ਲੋਕਾਂ 'ਚੋਂ 8% ਸਿਹਤ ਸੇਵਾਵਾਂ ਨਾਲ ਜੁੜੇ ਲੋਕ ਹਨ। ਇਸ ਦੌਰਾਨ ਬੀਐਮਸੀ ਨੇ ਵਾਕਹਾਰਟ ਹਸਪਤਾਲ ਨੂੰ ਕੋਰੋਨਾ ਲਾਗ ਵਾਲੇ ਮਰੀਜ਼ਾਂ ਦਾ ਇਲਾਜ ਕਰਨ ਦੀ ਮਨਜੂਰੀ ਦੇ ਦਿੱਤੀ ਹੈ। ਇਹ ਮੁੰਬਈ ਦੇ ਉਨ੍ਹਾਂ 6 ਚੋਣਵੇ ਹਸਪਤਾਲਾਂ ਵਿੱਚੋਂ ਇੱਕ ਹੈ, ਜੋ ਗੰਭੀਰ ਕੋਰੋਨਾ ਦੇ ਮਰੀਜ਼ਾਂ ਲਈ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਵਾਕਹਾਰਟ ਹਸਪਤਾਲ 'ਚ 14 ਦਿਨਾਂ ਲਈ ਇਲਾਜ ਰੋਕ ਦਿੱਤਾ ਗਿਆ ਸੀ।
ਉੱਧਰ ਮੁੰਬਈ ਦੇ ਜਸਲੋਕ ਹਸਪਤਾਲ ਨੇ ਕਿਹਾ ਹੈ ਕਿ ਇੱਥੇ ਇਲਾਜ ਦੁਬਾਰਾ ਸ਼ੁਰੂ ਹੋ ਗਿਆ ਹੈ। ਇਸ ਹਸਪਤਾਲ ਦੇ 21 ਮੁਲਾਜ਼ਮ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਇਸ ਤੋਂ ਬਾਅਦ ਇੱਥੇ ਇਲਾਜ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।