ਇਕ ਇਮਾਰਤ ਚ ਅੱਗ ਲੱਗਣ ਕਾਰਨ ਦੋ ਔਰਤਾਂ ਜ਼ਿੰਦਾ ਸੜ ਗਈਆਂ। ਇਕ ਅਫ਼ਸਰ ਨੇ ਸ਼ੁੱਕਰਵਾਰ ਨੂੰ ਇਸਦੀ ਪੁਸ਼ਟੀ ਕੀਤੀ ਹੈ। ਘਟਨਾ ਮੁੰਬਈ ਦੇ ਬੋਰੀ ਮੁਹੱਲੇ ਦੀ ਦੱਸੀ ਜਾ ਰਹੀ ਹੈ। ਇਸ ਹਾਦਸੇ ਚ ਦੋ ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਘਟਨਾ ਵੀਰਵਾਰ ਰਾਤ ਲਗਭਗ 10:20 ਵਜੇ ਦੀ ਹੈ। ਕਿਹਾ ਜਾ ਰਿਹਾ ਹੈ ਕਿ 25 ਨੰਬਰ ਡੱਬੂ ਸਟ੍ਰੀਟ ’ਤੇ ਬਣੀ ‘ਪੰਜਾਬ ਮਹਿਲ’ ਰਿਹਾਇਸ਼ੀ ਇਮਾਰਤ ਚ ਕੋਈ ਸ਼ਾਰਟ-ਸਰਕਿਟ ਹੋਇਆ ਜਿਸ ਕਾਰਨ ਲਗੀ ਅੱਗ ਤੇਜ਼ੀ ਨਾਲ ਫੈਲ ਗਈ। ਫ਼ਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਕੁਝ ਦੇਰ ਮੌਕੇ ਤੇ ਪੁੱਜ ਕੇ 11 ਲੋਕਾਂ ਦੀ ਜਾਨ ਬਚਾਈ ਜਦਕਿ ਤੜਕੇ ਲਗਭਗ 3.30 ਵਜੇ ਅੱਗ ਤੇ ਕਾਬੂ ਪਾਏ ਜਾਣ ਮਗਰੋਂ ਚੌਥੀ ਮੰਜ਼ਿਲ ’ਤੇ ਦੋ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ। ਜਿਨ੍ਹਾਂ ਦੀ ਪਛਾਣ ਫ੍ਰੀਡਾ ਅਤੇ ਨਫ਼ੀਸਾ ਵਜੋਂ ਹੋਈ ਜਿਨ੍ਹਾਂ ਦੀ ਉਮਰ 60 ਸਾਲ ਹੈ।
ਮੌਕੇ ਤੇ ਪੁੱਜੇ ਪੁਲਿਸ ਅਫ਼ਸਰ ਨੇ ਦਸਿਆ ਕਿ ਪੁਲਿਸ ਅਤੇ ਫ਼ਾਇਰ ਬ੍ਰਿਗੇਡ ਦੀ ਮਦਦ ਨਾਲ ਪੀੜਤਾਂ ਨੂੰ ਨੇੜਲੇ ਹਸਪਤਾਲ ਚ ਲਿਜਾਇਆ ਗਿਆ। ਰਾਹਤ ਕਾਰਜ ਜਾਰੀ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
.