ਜੇ ਤੁਸੀ ਵੀ ਗੀਜਰ ਤੋਂ ਪਾਣੀ ਗਰਮ ਕਰ ਕੇ ਨਹਾਉਂਦੇ ਹੋ ਤਾਂ ਇਹ ਖਬਰ ਪੜ੍ਹ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਮੁੰਬਈ ਦੇ ਬੋਰੀਵਲੀ ਇਲਾਕੇ 'ਚ ਰਹਿਣ ਵਾਲੀ ਇੱਕ ਲੜਕੀ ਗੀਜਰ ਆਨ ਕਰ ਕੇ ਬਾਥਰੂਮ 'ਚ ਨਹਾਉਣ ਗਈ ਸੀ। ਇਸ ਦੌਰਾਨ ਉਸ ਨੂੰ ਆਪਣੀ ਜਾਨ ਗੁਆਉਣੀ ਪੈ ਗਈ।
ਡਾਕਟਰਾਂ ਮੁਤਾਬਿਕ ਲੜਕੀ ਹਾਦਸੇ ਦਾ ਸ਼ਿਕਾਰ ਇਸ ਲਈ ਹੋਈ, ਕਿਉਂਕਿ ਬਾਥਰੂਮ 'ਚ ਆਕਸੀਜਨ ਦਾ ਪੱਧਰ ਕਾਫੀ ਘੱਟ ਸੀ। ਡਾਕਟਰਾਂ ਨੇ ਦੱਸਿਆ ਕਿ ਗੀਜਰ 'ਚੋਂ ਕਾਰਬਨ ਮੋਨੋਆਕਸਾਈਡ ਗੈਸ ਨਿਕਲ ਰਹੀ ਸੀ, ਜੋ ਇੰਨੀ ਵੱਧ ਗਈ ਸੀ ਕਿ ਸਾਹ ਘੁਟਣ ਕਾਰਨ ਉਸ ਦੀ ਮੌਤ ਹੋ ਗਈ।
ਲੜਕੀ ਦਾ ਨਾਂ ਧਰੁਵੀ ਗੋਇਲ ਹੈ। ਉਹ 5 ਜਨਵਰੀ ਦੀ ਸਵੇਰ ਬੋਰੀਵਲੀ ਪੱਛਮ 'ਚ ਆਪਣੇ ਫਲੈਟ 'ਚ ਨਹਾ ਰਹੀ ਸੀ। ਇਸੇ ਦੌਰਾਨ ਇਹ ਹਾਦਸਾ ਵਾਪਰਿਆ। ਧਰੁਵੀ ਦੇ ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਉਹ ਨਹਾਉਣ 'ਚ ਜ਼ਿਆਦਾ ਸਮਾਂ ਲਗਾ ਰਹੀ ਹੈ ਤਾਂ ਉਨ੍ਹਾਂ ਦਰਵਾਜ਼ਾ ਖੜਕਾਇਆ। ਕੋਈ ਜਵਾਬ ਨਾ ਮਿਲਣ 'ਤੇ ਉਨ੍ਹਾਂ ਦਰਵਾਜ਼ਾ ਤੋੜ ਦਿੱਤਾ ਤਾਂ ਦੇਖਿਆ ਕਿ ਧਰੂਵੀ ਬੇਹੋਸ਼ੀ ਦੀ ਹਾਲਤ 'ਚ ਹੇਠਾਂ ਪਈ ਸੀ। ਗਰਮ ਪਾਣੀ ਕਾਰਨ ਉਸ ਦੇ ਸਰੀਰ ਦੇ ਸੱਜੇ ਪਾਸੇ ਛਾਲੇ ਪਏ ਸਨ।
ਇਸ ਤੋਂ ਬਾਅਦ ਧਰੁਵੀ ਨੂੰ ਗੋਰਾਈ 'ਚ ਸਥਿਤ ਮੰਗਲਮੂਰਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਗੀਜ਼ਰ 'ਚੋਂ ਨਿਕਲੀ ਕਾਰਬਨ ਮੋਨੋਆਕਸਾਈਡ ਗੈਸ ਕਾਰਨ ਧਰੁਵੀ ਬੇਹੋਸ਼ ਹੋ ਗਈ ਸੀ। ਬਾਥਰੂਮ 'ਚ ਆਕਸੀਜਨ ਦੀ ਘਾਟ ਕਾਰਨ ਉਸ ਦੇ ਦਿਮਾਗ਼ 'ਤੇ ਅਸਰ ਪਿਆ ਅਤੇ ਇਸ ਦੀ ਮੌਤ ਹੋ ਗਈ।