ਨਾਗਰਿਕਤਾ ਸੋਧ ਬਿਲ (CAA) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (NRC) ਨੂੰ ਲੈ ਕੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੇ ਆਪਣੀ ਪਾਰਟੀ ਦੇ ਹਜ਼ਾਰਾਂ ਕਾਰਕੁੰਨਾਂ ਨਾਲ ਅੱਜ ਸੋਮਵਾਰ ਨੂੰ ਕੋਲਕਾਤਾ ’ਚ ਰੈਲੀ ਕੱਢੀ। ਇਸ ਮੌਕੇ ਕੁਮਾਰੀ ਮਮਤਾ ਬੈਨਰਜੀ ਨੇ ਕਿਹਾ ਕਿ ਕੇਂਦਰ ਸਰਕਾਰ ਜੇ ਚਾਹੇ ਤਾਂ ਉਨ੍ਹਾਂ ਦੀ ਸਰਕਾਰ ਬਰਖ਼ਾਸਤ ਕਰ ਸਕਦੀ ਹੈ ਪਰ ਉਹ ਰਾਜ ਵਿੱਚ CAA ਅਤੇ NRC ਲਾਗੂ ਨਹੀਂ ਹੋਣ ਦੇਵਾਂਗੇ।
ਰੈਲੀ ਨੂੰ ਸੰਬੋਧਨ ਕਰਦਿਆ ਕੁਮਾਰੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜਦੋਂ ਤੱਕ ਨਾਗਰਿਕਤਾ ਸੋਧ ਕਾਨੂੰਨ ਤੇ ਰਾਸ਼ਟਰੀ ਨਾਗਰਿਕ ਰਜਿਸਟਰ ਵਾਪਸ ਨਹੀਂ ਲਏ ਜਾਂਦੇ, ਤਦ ਤੱਕ ਅਸੀਂ ਆਪਣਾ ਵਿਰੋਧ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਸਿਰਫ਼ ਉਹ ਇਕੱਲੇ ਹੀ ਇੱਥੇ ਰਹਿਣ ਤੇ ਬਾਕੀ ਸਭ ਨੂੰ ਛੱਡ ਦਿੱਤਾ ਜਾਵੇ। ਉਨ੍ਹਾਂ ਦੀ ਸਿਆਸਤ ਇਸ ਤਰ੍ਹਾਂ ਦੀ ਹੈ। ਉਨ੍ਹਾਂ ਹਿਕਾ ਕਿ ਅਜਿਹਾ ਕਦੇ ਨਹੀਂ ਹੋਵੇਗਾ। ਭਾਰਤ ਸਭ ਦਾ ਹੈ। ਜੇ ਸਭ ਦਾ ਸਾਥ ਨਹੀਂ ਹੋਵੇ, ਤਾਂ ਵਿਕਾਸ ਕਿਵੇਂ ਹੋਵੇਗਾ?
ਕੁਮਾਰੀ ਮਮਤਾ ਬੈਨਰਜੀ ਨੇ ਕਿਹ ਕਿ ਨਾਗਰਿਕਤਾ ਕਾਨੂੰਨ ਕਿਸ ਲਈ ਹੈ? ਅਸੀਂ ਸਾਰੇ ਨਾਗਰਿਕ ਹਾਂ। ਕੀ ਤੁਸੀਂ ਵੋਟ ਨਹੀਂ ਪਾਈ? ਕੀ ਤੁਸੀਂ ਇੱਥੇ ਨਹੀਂ ਰਹਿੰਦੇ?
ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੇ ਕਿਹਾ ਕਿ ਇਸ ਮੁੱਦੇ ’ਤੇ ਮੈਂ ਇੱਕ ਸਮੇਂ ਲਈ ਇਕੱਲੀ ਸਾਂ ਪਰ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕਹਿ ਦਿੱਤਾ ਹੈ ਕਿ ਉਹ ਇਸ ਨਾਗਰਿਕਤਾ ਕਾਨੂੰਨ ਦੀ ਇਜਾਜ਼ਤ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨੇ ਵੀ ਕਿਹਾ ਹੈ ਕਿ ਉਹ NRC ਦੀ ਇਜਾਜ਼ਤ ਨਹੀਂ ਦੇਣਗੇ।
‘ਮੈਂ ਉਨ੍ਹਾਂ ਨੂੰ ਕਹਿੰਦੀ ਹਾਂ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਨੂੰ ਵੀ ਇਜਾਜ਼ਤ ਨਾ ਦੇਣ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਪੰਜਾਬ ਦੇ ਮੁੱਖ ਮੰਤਰੀ, ਛੱਤੀਸਗੜ੍ਹ ਦੇ ਮੁੱਖ ਮੰਤਰੀ, ਕੇਰਲ ਦੇ ਮੁੱਖ ਮੰਤਰੀ – ਇਨ੍ਹਾਂ ਸਾਰਿਆਂ ਨੇ ਕਿਹਾ। ਅੱਗੇ ਹੋਰ ਵੀ ਲੋਕ ਆਖਣਗੇ।’
ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਵਿੱਚ ਜਾਰੀ ਹਿੰਸਾ ਦੌਰਾਨ ਦੋਸ਼ ਲਾਇਆ ਕਿ ਕੁਝ ਲੋਕ ਭਾਜਪਾ ਤੋਂ ਪੈਸੇ ਲੈ ਕੇ ਅੱਗਾਂ ਲਾਉਣ ਤੇ ਤੋੜ–ਭੰਨ ਦੇ ਮਾੜੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕੁਝ ਰੇਲ–ਗੱਡੀਆਂ ਵਿੱਚ ਅੱਗ ਲਾਈ ਗਈ ਤੇ ਕੇਂਦਰ ਨੇ ਪੱਛਮੀ ਬੰਗਾਲ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਰੇਲ–ਗੱਡੀਆਂ ਰੋਕ ਦਿੱਤੀਆ ਹਨ।