ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠਲੀ ਸਰਕਾਰ ਨੇ ਹੁਣ ਆਗਰਾ ਦਾ ਨਾਂਅ ਬਦਲਣ ਦੀ ਤਿਆਰੀ ਕਰ ਲਈ ਹੈ। ਹੁਣ ਆਗਰਾ ਦਾ ਨਾਂਅ ਬਦਲ ਕੇ ‘ਅਗਰਵਨ’ ਰੱਖਿਆ ਜਾ ਰਿਹਾ ਹੈ। ਇਸ ਲਈ ਅੰਬੇਡਕਰ ਯੂਨੀਵਰਸਿਟੀ ਤੋਂ ਉਸ ਦੇ ਇਤਿਹਾਸ ਦੀ ਜਾਣਕਾਰੀ ਮੰਗੀ ਗਈ ਹੈ। ਆਗਰਾ ਦਾ ਨਾਂਅ ਬਦਲਣ ਲਈ ਨਾਵਾਂ ਦੇ ਸੁਝਾਵਾਂ ਦੇ ਨਾਲ ਹੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਤੋਂ ਨਾਂਅ ਬਾਰੇ ਕੁਝ ਸਬੂਤ ਵੀ ਮੰਗੇ ਗਏ ਹਨ।
ਇੱਥੇ ਵਰਨਣਯੋਗ ਹੈ ਕਿ ਅਲਾਹਾਬਾਦ ਤੇ ਫ਼ੈਜ਼ਾਬਾਦ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਸਰਕਾਰ ਤਾਜ–ਨਗਰੀ ਆਗਰਾ ਦਾ ਨਾਂਅ ਬਦਲਣ ਦੀਆਂ ਤਿਆਰੀਆਂ ਕਰ ਰਹੀ ਹੈ। ਭਾਜਪਾ ਦੇ ਸਾਬਕਾ ਵਿਧਾਇਕ ਜਗਨ ਪ੍ਰਸਾਦ ਗਰਗ ਨੇ ਸੂਬਾ ਸਰਕਾਰ ਨੂੰ ਚਿੱਠੀ ਲਿਖ ਕੇ ਆਗਰਾ ਦਾ ਨਾਂਅ ਬਦਲ ਕੇ ‘ਅਗਰਵਨ’ ਕਰਨ ਦੀ ਮੰਗ ਕੀਤੀ ਸੀ।
ਜਗਨ ਪ੍ਰਸਾਦ ਗਰਗ ਦੀ ਮੌਤ ਤੋਂ ਬਾਅਦ ਸਰਕਾਰ ਨੇ ਇਸ ਪ੍ਰਸਤਾਵ ਦੀ ਜ਼ਿੰਮੇਵਾਰੀ ਹੁਣ ਅੰਬੇਡਕਰ ਯੂਨੀਵਰਸਿਟੀ ਹਵਾਲੇ ਕੀਤੀ ਹੈ। ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਨੂੰ ਨਾਵਾਂ ਨਾਲ ਸਬੰਧਤ ਸੁਝਾਅ ਭੇਜਣ ਲਈ ਕਿਹਾ ਗਿਆ ਹੈ। ਵਿਭਾਗ ਤੋਂ ਆਗਰਾ ਦੇ ਨਾਂਅ ਬਾਰੇ ਸਬੂਤ ਵੀ ਮੰਗੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਯੋਗੀ ਸਰਕਾਰ ਨੇ ਇਸ ਪ੍ਰਸਤਾਵ ਨੂੰ ਲੈ ਕੇ ਇਤਿਹਾਸਕਾਰਾਂ ਨਾਲ ਗੱਲਬਾਤ ਵੀ ਕੀਤੀ ਹੈ। ਇਤਿਹਾਸ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਆਗਰਾ ਦਾ ਨਾਂਅ ਪਹਿਲਾਂ ‘ਅਗਰਵਨ’ ਹੁੰਦਾ ਸੀ। ਹੁਣ ਪ੍ਰਸ਼ਾਸਨ ਇਹ ਲੱਭਣ ਦੇ ਜਤਨ ਕਰ ਰਿਹਾ ਹੈ ਕਿ ਅਗਰਵਨ ਦਾ ਨਾਂਅ ਆਗਰਾ ਕਿਹੜੇ ਹਾਲਾਤ ’ਚ ਕੀਤਾ ਗਿਆ ਸੀ।
ਆਗਰਾ ’ਚ ਵੈਸ਼ ਭਾਈਚਾਰੇ ਦੀ ਵੱਡੀ ਗਿਣਤੀ ਰਹਿੰਦੀ ਹੈ।
ਯੋਗੀ ਸਰਕਾਰ ਪਹਿਲਾਂ ਅਲਾਹਾਬਾਦ ਦਾ ਨਾਂਅ ਬਦਲ ਕੇ ਪ੍ਰਯਾਗਰਾਜ, ਬਨਾਰਸ ਦਾ ਵਾਰਾਨਸੀ ਤੇ ਫ਼ੈਜ਼ਾਬਾਦ ਦਾ ਅਯੁੱਧਿਆ ਕਰ ਚੁੱਕੀ ਹੈ। ਇਸ ਤੋਂ ਇਲਾਵਾ ਮੁਗ਼ਲਸਰਾਏ ਸਟੇਸ਼ਨ ਦਾ ਨਾਂਅ ਵੀ ਬਦਲ ਕੇ ਪੰਡਤ ਦੀਨਦਿਆਲ ਉਪਾਧਿਆਇ ਜੰਕਸ਼ਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਚੰਦੌਲੀ ਜ਼ਿਲ੍ਹੇ ਦਾ ਨਾਂਅ ਬਦਲਣ ਦੀ ਰਿਪੋਰਟ ਵੀ ਪ੍ਰਸ਼ਾਸਨ ਨੂੰ ਭੇਜੀ ਜਾ ਚੁੱਕੀ ਹੈ।