ਰਾਬਰਟ ਵਾਡਰਾ ਤੋਂ ਇਨਫ਼ੋਰਸਮੈਂਟ ਡਾਇਰੈਕਟੋਰੇਟ (ED – Enforcement Directorate) ਨੇ ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ (ਮਨੀ–ਲਾਂਡਰਿੰਗ) ਦੇ ਮਾਮਲੇ ਵਿੱਚ ਇਸੇ ਹਫ਼ਤੇ ਤੀਜੀ ਵਾਰ ਸਨਿੱਚਰਵਾਰ ਨੂੰ ਵੀ 9 ਘੰਟੇ ਪੁੱਛਗਿੱਛ ਕੀਤੀ। ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਸਨਿੱਚਰਵਾਰ ਸਵੇਰੇ 10:45 ਵਜੇ ਜਾਮਨਗਰ ਹਾਊਸ ’ਚ ਈਡੀ ਦੇ ਦਫ਼ਤਰ ਪੁੱਜੇ।
ਮਨੀ–ਲਾਂਡਰਿੰਗ ਮਾਮਲੇ ਵਿੱਚ ਇਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋਂ ਪਿਛਲੇ ਤਿੰਨ ਦਿਨਾਂ ਦੌਰਾਨ ਵਾਡਰਾ ਤੋਂ ਲਗਭਗ 24 ਘੰਟੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਦਿਨ ਵਿੱਚ ਕਾਂਗਰਸੀ ਆਗੂ ਤੇ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਸ੍ਰੀ ਵਾਡਰਾ ਨੂੰ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ਗਾਹ ਪੁੱਜੇ।
ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਅਧਿਕਾਰੀ ਨੂੰ ਵਾਡਰਾ ਤੋਂ ਹੋਰ ਸਵਾਲ ਪੁੱਛਣੇ ਸਨ, ਇਸੇ ਲਈ ਉਨ੍ਹਾਂ ਨੂੰ ਅੱਜ ਸਨਿੱਚਰਵਾਰ ਨੂੰ ਵੀ ਪੇਸ਼ ਹੋਣ ਲਈ ਆਖਿਆ ਗਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਤੋਂ ਛੇ ਤੇ ਸੱਤ ਫ਼ਰਵਰੀ ਨੂੰ ਵੀ ਪੁੱਛਗਿੱਛ ਕੀਤੀ ਗਈ ਸੀ। ਵਾਡਰਾ ਤੋਂ ਪਹਿਲੀ ਵਾਰ ਲਗਭਗ ਸਾਢੇ ਪੰਜ ਘੰਟੇ ਤੇ ਦੂਜੀ ਵਾਰ ਲਗਭਗ ਨੌਂ ਘੰਟੇ ਪੁੱਛਗਿੱਛ ਕੀਤੀ ਗਈ ਸੀ।
ਇਹ ਮੰਨਿਆ ਜਾ ਰਿਹਾ ਹੈ ਕਿ ਪਿਛਲੀ ਵਾਰ ਪੁੱਛਗਿੱਛ ਦੌਰਾਨ ਵਾਡਰਾ ਦਾ ਸਾਹਮਣਾ ਉਨ੍ਹਾਂ ਦਸਤਾਵੇਜ਼ਾਂ ਨਾਲ ਕਰਵਾਇਆ ਗਿਆ, ਜੋ ਏਜੰਸੀ ਨੇ ਮਾਮਲੇ ਦੀ ਜਾਂਚ ਦੌਰਾਨ ਹਾਸਲ ਜਾਂ ਜ਼ਬਤ ਕੀਤੇ ਹਨ। ਉਨ੍ਹਾਂ ਵਿੱਚ ਫ਼ਰਾਰ ਰੱਖਿਆ ਡੀਲਰ ਸੰਜੇ ਭੰਡਾਰੀ ਨਾਲ ਜੁੜੇ ਦਸਤਾਵੇਜ਼ ਵੀ ਸ਼ਾਮਲ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਵਾਡਰਾ ਨੇ ਜਾਂਚ ਅਧਿਕਾਰੀ ਨਾਲ ਦਸਤਾਵੇਜ਼ ਸਾਂਝੇ ਕੀਤੇ ਤੇ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਹੋਰ ਦਸਤਾਵੇਜ਼ ਮਿਲਣਗੇ, ਤਾਂ ਉਹ ਵੀ ਸਾਂਝੇ ਕੀਤੇ ਜਾਣਗੇ।
ਇਹ ਮਾਮਲਾ ਲੰਦਨ ਵਿੱਚ 12 – ਬ੍ਰਾਇਨਸਟਨ ਸਕੁਏਰ ਵਿਖੇ 19 ਲੱਖ ਬ੍ਰਿਟਿਸ਼ ਪੌਂਡ ਦੀ ਜਾਇਦਾਦ ਖ਼ਰੀਦ ਸਮੇਂ ਕਥਿਤ ਤੌਰ ਉੱਤੇ ਹੋਏ ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਨਾਲ ਸਬੰਧਤ ਹੈ। ਇਹ ਜਾਇਦਾਦ ਕਥਿਤ ਤੌਰ ਉੱਤੇ ਰਾਬਰਟ ਵਾਡਰਾ ਦੀ ਦੱਸੀ ਜਾਂਦੀ ਹੈ।
ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੀ ਇੱਕ ਅਦਾਲਤ ਵਿੱਚ ਇਹ ਵੀ ਆਖਿਆ ਸੀ ਕਿ ਉਸ ਨੂੰ ਲੰਦਨ ਵਿੱਚ ਕਈ ਨਵੀਂਆਂ ਜਾਇਦਾਦਾਂ ਬਾਰੇ ਸੂਚਨਾ ਮਿਲੀ ਹੈ, ਜੋ ਵਾਡਰਾ ਦੀਆਂ ਹਨ। ਉਨ੍ਹਾਂ ਵਿੱਚ 50 ਅਤੇ 40 ਲੱਖ ਬ੍ਰਿਟਿਸ਼ ਪੌਂਡ ਦੇ ਦੋ ਘਰ ਤੇ ਛੇ ਹੋਰ ਫ਼ਲੈਟ ਅਤੇ ਹੋਰ ਜਾਇਦਾਦਾਂ ਹਨ।
ਇਸ ਦੌਰਾਨ ਰਾਬਰਟ ਵਾਡਰਾ ਨੇ ਨਾਜਾਇਜ਼ ਵਿਦੇਸ਼ੀ ਜਾਇਦਾਦ ਨਾਲ ਜੁੜੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਦੋਸ਼ ਲਾਇਆ ਕਿ ਸਿਆਸੀ ਹਿਤਾਂ ਕਾਰਨ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।