ਕ੍ਰਿਕੇਟਰ ਤੋਂ ਸਿਆਸੀ ਆਗੂ ਬਣੇ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਕੈਬਿਨੇਟ ਦੇ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣੇ ਅਸਤੀਫ਼ੇ ਦੀ ਕਾਪੀ ਅੱਜ ਆਪਣੇ ਟਵਿਟਰ ਹੈਂਡਲ ਉੱਤੇ ਅਪਲੋਡ ਕੀਤੀ। ਉੱਥੋਂ ਸਭ ਨੂੰ ਇਸ ਬਾਰੇ ਜਾਣਕਾਰੀ ਮਿਲੀ।
ਬੀਤੀ 10 ਜੂਨ ਨੂੰ ਦਿੱਤੇ ਇਸ ਅਸਤੀਫ਼ੇ ਦੀ ਵਰਨਣਯੋਗ ਗੱਲ ਇਹ ਹੈ ਕਿ ਸ੍ਰੀ ਸਿੱਧੂ ਨੇ ਇਹ ਅਸਤੀਫ਼ਾ ਪੰਜਾਬ ਦੇ ਮੁੱਖ ਮੰਤਰੀ (CM) ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ, ਸਗੋਂ ਸ੍ਰੀ ਰਾਹੁਲ ਗਾਂਧੀ ਨੂੰ ਭੇਜਿਆ ਹੈ।
ਸੂਬੇ ਦੇ ਇੱਕ ਮੰਤਰੀ ਨੂੰ ਆਪਣਾ ਅਸਤੀਫ਼ਾ ਸਿਰਫ਼ ਮੁੱਖ ਮੰਤਰੀ ਨੂੰ ਭੇਜਣਾ ਪੈਂਦਾ ਹੈ। ਉਹੀ ਇਸ ਨੂੰ ਪ੍ਰਵਾਨ ਕਰਨ ਜਾਂ ਨਾ ਕਰਨ ਬਾਰੇ ਕੋਈ ਫ਼ੈਸਲਾ ਲੈ ਸਕਦੇ ਹਨ।
ਉਂਝ ਕਾਂਗਰਸ ਦੇ ਕੁਝ ਸੂਤਰਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੁ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣਾ ਅਸਤੀਫ਼ਾ ਛੇਤੀ ਹੀ ਭੇਜਣ ਜਾ ਰਹੇ ਹਨ।
ਦਰਅਸਲ, ਸ੍ਰੀ ਸਿੱਧੂ ਪਹਿਲਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸਨ ਪਰ ਲੋਕ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਮੰਤਰਾਲਾ ਬਦਲ ਦਿੱਤਾ ਸੀ ਤੇ ਉਨ੍ਹਾਂ ਨੂੰ ਬਿਜਲੀ ਮੰਤਰੀ ਬਣਾ ਦਿੱਤਾ ਸੀ ਪਰ ਉਨ੍ਹਾਂ ਨੇ ਹਾਲੇ ਤੱਕ ਆਪਣਾ ਅਹੁਦਾ ਨਹੀਂ ਸੰਭਾਲਿਆ ਸੀ।
ਹੁਣ ਜਦੋਂ ਸ੍ਰੀ ਰਾਹੁਲ ਗਾਂਧੀ ਖ਼ੁਦ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁੱਕੇ ਹਨ, ਉਹ ਤਦ ਸ੍ਰੀ ਸਿੱਧੂ ਦੇ ਅਸਤੀਫ਼ੇ ਬਾਰੇ ਕੋਈ ਫ਼ੈਸਲਾ ਕਿਵੇਂ ਲੈ ਸਕਦੇ ਹਨ।
ਕੈਪਟਨ ਦੀ ਥਾਂ ਰਾਹੁਲ ਗਾਂਧੀ ਨੂੰ ਅਸਤੀਫ਼ਾ ਭੇਜਣ ਦਾ ਮਤਲਬ ਇਹ ਵੀ ਹੈ ਕਿ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਉੱਤੇ ਦਬਾਅ ਬਣਾਇਆ ਜਾਵੇ ਕਿ ਉਹ ਕੈਪਟਨ ਨੂੰ ਉਨ੍ਹਾਂ ਦਾ ਮੰਤਰਾਲਾ ਨਾ ਬਦਲਣ ਲਈ ਆਖਿਆ ਜਾਵੇ।
ਇੰਝ ਵਿਰੋਧੀ ਧਿਰ ਨੂੰ ਹੁਣ ਕਾਂਗਰਸ ਪਾਰਟੀ ਦੀ ਤਿੱਖੀ ਆਲੋਚਨਾ ਕਰਨ ਦਾ ਇੱਕ ਹੋਰ ਮੌਕਾ ਮਿਲ ਗਿਆ ਹੈ।