ਹੁਣ ਕੇਂਦਰ 'ਚ ਸੱਤਾਧਾਰੀ NDA (National Democratic Alliance - ਕੌਮੀ ਜਮਹੂਰੀ ਗੱਠਜੋੜ) ਨੂੰ ਕੋਈ ਫ਼ਿਕਰ ਨਹੀਂ ਹੈ। ਲੋਕ ਸਭਾ 'ਚ ਉਸ ਕੋਲ ਪੂਰਨ ਬਹੁਮੱਤ ਹੈ ਪਰ ਰਾਜ ਸਭਾ 'ਚ ਹਾਲੇ ਨਹੀਂ ਹੈ। ਪਰ ਐੱਨਡੀਏ ਕੋਲ ਅਗਲੇ ਸਾਲ ਰਾਜ ਸਭਾ 'ਚ ਵੀ ਬਹੁਮੱਤ ਹੋ ਜਾਵੇਗਾ।
ਮੋਦੀ ਸਰਕਾਰ ਲਈ ਰਾਜ ਸਭਾ ਬਹੁਤ ਅਹਿਮ ਹੈ ਕਿਉਂਕਿ ਕਈ ਅਹਿਮ ਬਿਲ ਬਹੁਮੱਤ ਦੀ ਕਮੀ ਕਾਰਨ ਰੁਕੇ ਪਏ ਹਨ। ਕੋਈ ਵੀ ਬਿਲ ਪਾਸ ਕਰਵਾਉਣ ਲਈ ਸੰਸਦ ਦੇ ਦੋਵੇ਼ ਸਦਨਾਂ ਲੋਕ ਸਭਾ ਤੇ ਰਾਜ ਸਭਾ ਵਿੱਚ ਬਹੁਮੱਤ ਹੋਣਾ ਜ਼ਰੂਰੀ ਹੁੰਦਾ ਹੈ।
ਅਗਲੇ ਸਾਲ ਭਾਜਪਾ ਦੀਆਂ 10 ਸੀਟਾਂ ਰਾਜ ਸਭਾ ਵਿੱਚ ਵਧ ਜਾਣਗੀਆਂ ਤੇ ਉਸ ਦੇ ਮੈਂਬਰਾਂ ਦੀ ਗਿਣਤੀ ਵਧ ਕੇ 83 ਹੋ ਜਾਵੇਗੀ। ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਕੋਲ 107 ਸੀਟਾਂ ਹੋ ਸਕਦੀਆਂ ਹਨ। ਇਹ ਗਿਣਤੀ ਉਸ ਦੀ ਮੌਜੂਦਾ ਗਿਣਤੀ ਤੋਂ 7 ਵੱਧ ਹੋ ਜਾਵੇਗੀ ਤੇ 243 ਮੈਂਬਰਾਂ ਵਾਲੀ ਰਾਜ ਸਭਾ ਵਿੱਚ ਬਹੁਮੱਤ ਤੋਂ ਸਿਰਫ਼ 15 ਘੱਟ ਰਹਿ ਜਾਵੇਗੀ।
ਐੱਨਡੀਏ ਦੇ ਮੈਂਬਰਾਂ ਦੀ ਗਿਣਤੀ ਜ਼ਿਆਦਾਤਰ ਉੱਤਰ ਪ੍ਰਦੇਸ਼ ਵਿੱਚ ਵਧੇਗੀ, ਜਿੱਥੇ ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕੀਤੀ ਸੀ।