ਮੈਡੀਕਲ ਦਾਖਲਾ ਪ੍ਰੀਖਿਆ ਨੀਟ ਉਤੇ ਮਦਰਾਸ ਹਾਈਕੋਰਟ ਦੇ ਫੈਸਲੇ ਖਿਲਾਫ਼ ਸੀਬੀਐਸਈ ਸੁਪਰੀਮ ਕੋਰਟ ਪਹੁੰਚ ਗਈ ਹੈ। ਸੀਬੀਐਸਈ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਮਦਰਾਸ ਹਾਈਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿਚ ਉਸਨੇ ਤਾਮਿਲ ਮਾਧਿਅਮ ਨਾਲ ਨੀਟ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ 196 ਗ੍ਰੇਸ ਅੰਕ ਦੇਣ ਦਾ ਆਦੇਸ਼ ਦਿੱਤਾ ਸੀ। ਇਸ ਤੋਂ ਇਲਾਵਾ ਅਦਾਲਤ ਨੇ ਸੀਬੀਐਸਈ ਨੂੰ ਉਮੀਦਵਾਰਾਂ ਦੀ ਰੈਕਿੰਗ ਨੂੰ ਸੋਧ ਕਰਕੇ ਦੁਬਾਰਾ ਤੋਂ ਪ੍ਰਕਾਸ਼ਤ ਕਰਨ ਲਈ ਕਿਹਾ ਸੀ।
ਨੀਟ ਉਤੇ ਮਦਰਾਸ ਹਾਈਕੋਰਟ ਦੇ ਇਸ ਫੈਸਲੇ ਬਾਅਦ ਕੇਂਦਰੀ ਸਿਹਤ ਮੰਤਰਾਲੇ ਨੇ ਨੀਟ ਯੂਜੀ ਦੀ ਕਾਉਂਸਲਿੰਗ ਉਤੇ ਰੋਕ ਲਗਾ ਦਿੱਤੀ ਸੀ। ਇਸ ਦੇ ਨਾਲ ਹੀ ਦੂਜੀ ਕਾਉਂਸਲਿੰਗ ਦੇ ਨਤੀਜੇ ਵੀ ਰੋਕ ਦਿੱਤੇ ਸਨ। ਹੁਣ ਸੁਪਰੀਮ ਕੋਰਟ ਦੇ ਆਦੇਸ਼ ਬਾਅਦ ਹੀ ਦੁਬਾਰਾ ਕਾਉਂਸਲਿੰਗ ਹੋਵੇਗੀ।
ਮਦਰਾਸ ਹਾਈਕੋਰਟ ਨੇ ਸੀਬੀਆਈ ਨੂੰ ਕਿਹਾ ਸੀ ਕਿ ਪ੍ਰੀਖਿਆ ਵਿਚ ਕੁਲ 49 ਪ੍ਰਸ਼ਨਾਂ ਵਿਚ ਤਾਮਿਲ ਅਨੁਵਾਦ ਦੀਆਂ ਗਲਤੀਆਂ ਸਨ, ਜਿਨ੍ਹਾਂ ਲਈ ਪ੍ਰਤੀ ਪ੍ਰਸ਼ਨ ਚਾਰ ਅੰਕ ਦਿੱਤੇ ਜਾਣ।ਬੈਂਚ ਨੇ ਤਾਮਿਲ ਮਾਧਿਅਮ ਨਾਲ ਨੀਟ ਦੇਣ ਵਾਲੇ ਸਾਰੇ 24,720 ਪ੍ਰਤੀਭਾਗੀਆਂ ਨੂੰ 196 ਅੰਕ ਵਾਧੂ ਦੇਣ ਦਾ ਆਦੇਸ਼ ਦਿੱਤਾ ਸੀ। ਮਦੁਰਾਈ ਬੈਂਚ ਦੇ ਜਸਟਿਸ ਸੀਟੀ ਸੇਲਵਾਮ ਅਤੇ ਜਸਟਿਸ ਐਮ ਬਸ਼ੀਰ ਅਹਿਮਦ ਨੇ ਸੀਪੀਆਈ (ਐਮ) ਦੇ ਆਗੂ ਟੀ ਕੇ ਰੰਗਰਾਜਨ ਵੱਲੋਂ ਦਾਇਰ ਪਟੀਸ਼ਨ ਉਤੇ ਇਹ ਆਦੇਸ਼ ਦਿੱਤਾ ਸੀ।