ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨਮ ਦਿਨ ਵਿਸ਼ੇਸ਼ : ਹਰੇਕ ਭਾਰਤੀ ਦੇ ਦਿਲ 'ਚ ਜ਼ਿੰਦਾ ਰਹਿਣਗੇ ਸੁਭਾਸ਼ ਚੰਦਰ ਬੋਸ

'ਤੁਮ ਮੁਝੇ ਖੂਨ ਦੋ, ਮੈਂ ਤੁਮਹੇ ਆਜ਼ਾਦੀ ਦੂੰਗਾ' ਦਾ ਨਾਅਰਾ ਦੇਣ ਵਾਲੇ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਅੱਜ 123ਵਾਂ ਜਨਮ ਦਿਨ ਹੈ। ਆਜ਼ਾਦ ਹਿੰਦ ਫੌਜ ਦੇ ਸੰਸਥਾਪਕ ਅਤੇ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ 'ਚ ਆਪਣਾ ਕੀਮਤੀ ਯੋਗਦਾਨ ਦੇਣ ਵਾਲੇ ਨੇਤਾਜੀ ਦਾ ਜਨਮ 23 ਜਨਵਰੀ ਸਾਲ 1897 ਉੜੀਸਾ ਦੇ ਕਟਕ ਸ਼ਹਿਰ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਜੀ ਕਟਕ ਸ਼ਹਿਰ ਦੇ ਪ੍ਰਸਿੱਧ ਵਕੀਲ ਸਨ।
 

ਮਹਾਤਮਾ ਗਾਂਧੀ ਜੀ ਨੂੰ ਪਹਿਲੀ ਵਾਰ ਰਾਸ਼ਟਰਪਿਤਾ ਕਹਿ ਕੇ ਸੁਭਾਸ਼ ਚੰਦਰ ਬੋਸ ਨੇ ਸੰਬੋਧਤ ਕੀਤਾ ਸੀ। ਸੁਭਾਸ਼ ਚੰਦਰ ਬੋਸ ਨੂੰ ਸੱਭ ਤੋਂ ਪਹਿਲਾਂ ਨੇਤਾਜੀ ਕਹਿ ਕੇ ਐਡੋਲਫ ਹਿਟਲਰ ਨੇ ਬੁਲਾਇਆ ਸੀ। ਜਲ੍ਹਿਆਂਵਾਲਾ ਬਾਗ ਕਾਂਡ ਨੇ ਉਨ੍ਹਾਂ ਨੂੰ ਇੰਨਾ ਝੰਝੋੜ ਦਿੱਤਾ ਸੀ ਕਿ ਉਹ ਆਜ਼ਾਦੀ ਦੀ ਲੜਾਈ 'ਚ ਉੱਤਰ ਆਏ ਸਨ।
 

ਕਾਲਜ ਦੇ ਦਿਨਾਂ 'ਚ ਇੱਕ ਅੰਗਰੇਜ਼ੀ ਅਧਿਆਪਕ ਵੱਲੋਂ ਭਾਰਤੀਆਂ ਬਾਰੇ ਇਤਰਾਜ਼ਯੋਗ ਬਿਆਨ 'ਤੇ ਨੇਤਾਜੀ ਨੇ ਸਖ਼ਤ ਇਤਰਾਜ ਜਤਾਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ ਸੀ। ਨੇਤਾਜੀ ਬਚਪਨ ਤੋਂ ਹੀ ਇੱਕ ਹੋਣਹਾਰ ਵਿਦਿਆਰਥੀ ਸਨ। ਉਨ੍ਹਾਂ ਨੇ ਸੁਤੰਤਰਤਾ ਸੰਗਰਾਮ 'ਚ ਸ਼ਾਮਿਲ ਹੋਣ ਲਈ ਭਾਰਤੀ ਸਿਵਲ ਸੇਵਾ ਦੀ ਨੌਕਰੀ ਛੱਡ ਦਿੱਤੀ ਸੀ। ਉਨ੍ਹਾਂ ਨੇ ਲੰਦਨ ਤੋਂ ਆਈ.ਸੀ.ਐਸ. ਦੀ ਪ੍ਰੀਖਿਆ ਪਾਸ ਕੀਤੀ।
 

1943 'ਚ ਜਦੋਂ ਨੇਤਾ ਜੀ ਬਰਲਿਨ 'ਚ ਸਨ, ਉਨ੍ਹਾਂ ਨੇ ਆਜ਼ਾਦ ਹਿੰਦ ਰੇਡੀਓ ਅਤੇ ਫ੍ਰੀ ਇੰਡੀਆ ਸੈਂਟਰ ਦੀ ਸਥਾਪਨਾ ਕੀਤੀ। ਨੇਤਾਜੀ ਦੋ ਵਾਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਚੁਣੇ ਗਏ। ਉਹ ਕਿਤਾਬਾਂ ਦੇ ਸ਼ੌਕੀਨ ਸਨ। ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਦੀਆਂ ਕਈ ਕਿਤਾਬਾਂ ਪੜ੍ਹੀਆਂ। ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕੀਤੀ ਸੀ। ਦੇਸ਼ ਤੋਂ ਬਾਹਰ ਰਹਿੰਦੇ ਲੋਕ ਇਸ ਸੈਨਾ 'ਚ ਸ਼ਾਮਲ ਹੋਏ। ਆਜ਼ਾਦ ਹਿੰਦ ਫੌਜ 'ਚ ਔਰਤਾਂ ਲਈ ਝਾਂਸੀ ਦੀ ਰਾਣੀ ਰੈਜੀਮੈਂਟ ਬਣਾਈ ਗਈ ਸੀ। 1932 'ਚ ਜਦੋਂ ਸਾਈਮਨ ਕਮਿਸ਼ਨ ਭਾਰਤ ਆਇਆ ਤਾਂ ਕਾਂਗਰਸ ਨੇ ਉਸ ਨੂੰ ਕਾਲੇ ਝੰਡੇ ਦਿਖਾਏ ਅਤੇ ਸੁਭਾਸ਼ ਚੰਦਰ ਬੋਸ ਨੇ ਕੋਲਕਾਤਾ 'ਚ ਇਸ ਅੰਦੋਲਨ ਦੀ ਅਗਵਾਈ ਕੀਤੀ ਸੀ।
 

ਆਸਟ੍ਰੀਆ 'ਚ ਕੀਤਾ ਸੀ ਪ੍ਰੇਮ ਵਿਆਹ :
ਸਾਲ 1943 'ਚ ਜਦੋਂ ਨੇਤਾਜੀ ਆਸਟ੍ਰੀਆ 'ਚ ਰੁਕੇ ਹੋਏ ਸਨ ਉਸ ਸਮੇਂ ਉਨ੍ਹਾਂ ਨੇ ਆਪਣੀ ਪੁਸਤਕ ਲਿਖਣ ਦੇ ਸਬੰਧ ਇਕ ਅੰਗਰੇਜ਼ੀ ਜਾਣਨ ਵਾਲੀ ਟਾਈਪਿਸਟ ਦੀ ਜ਼ਰੂਰਤ ਸੀ। ਉਨ੍ਹਾਂ ਦੇ ਇੱਕ ਦੋਸਤ ਨੇ ਐਮਿਲੀ ਸ਼ੈਕਲ ਨਾਂ ਦੀ ਇਕ ਆਸਟ੍ਰੀਅਨ ਔਰਤ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਈ। ਐਮਿਲੀ ਦੇ ਪਿਤਾ ਇਕ ਪ੍ਰਸਿੱਧ ਪਸ਼ੂ ਡਾਕਟਰ ਸਨ। ਐਮਲੀ ਨੇ ਨੇਤਾਜੀ ਦੀ ਟਾਈਪਿਸਟ ਵਜੋਂ ਕੰਮ ਕੀਤਾ। ਇਸੇ ਦੌਰਾਨ ਨੇਤਾਜੀ ਐਮਿਲੀ ਨੂੰ ਦਿਲ ਦੇ ਬੈਠੇ।

ਐਮਿਲੀ ਵੀ ਉਨ੍ਹਾਂ ਨੂੰ ਬਹੁਤ ਪਸੰਦ ਕਰਦੀ ਸੀ। ਨਾਜ਼ੀ ਜਰਮਨੀ ਦੇ ਸਖ਼ਤ ਕਾਨੂੰਨਾਂ ਨੂੰ ਦੇਖਦੇ ਹੋਏ ਦੋਹਾਂ ਨੇ ਸਾਲ 1942 'ਚ ਬਾਡ ਗਾਸਿਟਨ ਨਾਮਕ ਸਥਾਨ 'ਤੇ ਹਿੰਦੂ ਰੀਤੀ ਰਿਵਾਜ਼ ਨਾਲ ਵਿਆਹ ਕਰ ਲਿਆ। ਇਸ ਦੇ ਬਾਅਦ ਵਿਆਨਾ 'ਚ ਐਮਿਲੀ ਨੇ ਇਕ ਪੁੱਤਰੀ ਨੂੰ ਜਨਮ ਦਾ। ਨੇਤਾਜੀ ਨੇ ਉਸ ਨੂੰ ਪਹਿਲੀ ਵਾਰ ਉਦੋਂ ਦੇਖਿਆ ਜਦੋਂ ਉਹ ਮੁਸ਼ਕਿਲ ਨਾਲ ਚਾਰ ਹਫ਼ਤਿਆਂ ਦੀ ਸੀ। ਉਨ੍ਹਾਂ ਨੇ ਉਸ ਦਾ ਨਾਮ ਅਨੀਤਾ ਬੋਸ ਰੱਖਿਆ ਸੀ। ਅਗੱਸਤ 1945 'ਚ ਤਾਈਵਾਨ 'ਚ ਹੋਈ ਜਾਹਜ਼ ਦੀ ਦੁਰਘਟਨਾ 'ਚ ਨੇਤਾਜੀ ਦੀ ਮੌਤ ਹੋ ਗਈ। ਉਸ ਸਮੇਂ ਅਨੀਤਾ ਪੌਣੇ ਤਿੰਨ ਸਾਲ ਦੀ ਸੀ। ਉਸ ਦਾ ਪੂਰਾ ਨਾਮ ਅਨੀਤਾ ਬੋਸ ਫਾਫ ਹੈ। ਆਪਣੇ ਪਿਤਾ ਦੇ ਪਰਿਵਾਰ ਦੇ ਜੀਆਂ ਨੂੰ ਮਿਲਣ ਅਨੀਤਾ ਫਾਫ ਕਦੇ-ਕਦੇ ਭਾਰਤ ਵੀ ਆਉਂਦੀ ਹੈ।

 

ਨੇਤਾਜੀ ਦੀ ਮੌਤ 'ਤੇ ਰਹੱਸ :
ਨੇਤਾਜੀ ਦੀ ਮੌਤ 'ਤੇ ਰਹੱਸ ਬਰਕਰਾਰ ਹੈ। 18 ਅਗੱਸਤ 1945 ਨੂੰ ਉਹ ਹਵਾਈ ਜਹਾਜ਼ ਨਾਲ ਟੋਕਿਓ ਜਾ ਰਹੇ ਸਨ। ਇਸ ਸਫ਼ਰ ਦੌਰਾਨ ਤਾਈਹੋਕੂ ਹਵਾਈ ਅੱਡੇ 'ਤੇ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਸੁਭਾਸ਼ ਚੰਦਰ ਬੋਸ ਦਾ ਦੇਹਾਂਤ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਰਹੱਸ ਹੈ। ਉਨ੍ਹਾਂ ਦੀ ਰਹੱਸਮਈ ਮੌਤ 'ਤੇ ਸਮੇਂ-ਸਮੇਂ 'ਤੇ ਕਈ ਤਰ੍ਹਾਂ ਦੀਆਂ ਅਟਕਲਾਂ ਸਾਹਮਣੇ ਆਉਂਦੀਆਂ ਰਹੀਆਂ ਹਨ।

 

ਭਾਰਤ ਸਰਕਾਰ ਨੇ ਆਰਟੀਆਈ ਦੇ ਜਵਾਬ 'ਚ ਇਹ ਗੱਲ ਸਾਫ਼ ਤੌਰ 'ਤੇ ਕਹੀ ਹੈ ਕਿ ਉਨ੍ਹਾਂ ਦੀ ਮੌਤ ਇੱਕ ਜਹਾਜ਼ ਹਾਦਸੇ 'ਚ ਹੋਈ ਸੀ। ਪਰ ਮੀਡੀਆ ਰਿਪੋਰਟਸ ਮੁਤਾਬਿਕ ਖ਼ੁਦ ਜਾਪਾਨ ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ 18 ਅਗੱਸਤ 1945 ਨੂੰ ਤਾਈਵਾਨ 'ਚ ਕਿਸੇ ਜਹਾਜ਼ ਦਾ ਹਾਦਸਾ ਨਹੀਂ ਹੋਇਆ ਸੀ। ਇਸ ਲਈ ਅੱਜ ਵੀ ਨੇਤਾਜੀ ਦੀ ਮੌਤ ਦਾ ਰਹੱਸ ਨਹੀਂ ਖੁੱਲ੍ਹ ਸਕਿਆ।
 

ਨੇਤਾਜੀ ਨੂੰ ਹੋਈ ਸੀ 11 ਵਾਰ ਕੈਦ :
ਨੇਤਾਜੀ ਨੂੰ ਕੁੱਲ 11 ਵਾਰ ਕੈਦ ਦੀ ਸਜ਼ਾ ਦਿੱਤੀ ਗਈ ਸੀ। ਸਭ ਤੋਂ ਪਹਿਲਾ ਉਨ੍ਹਾਂ ਨੂੰ 16 ਜੁਲਾਈ 1921 ਨੂੰ 6 ਮਹੀਨੇ ਦੀ ਕੈਦ ਹੋਈ ਸੀ। 1941 'ਚ ਇੱਕ ਮੁਕੱਦਮੇ ਦੇ ਸਿਲਸਿਲੇ 'ਚ ਉਨ੍ਹਾਂ ਨੂੰ ਕਲੱਕਤਾ ਦੀ ਅਦਾਲਤ 'ਚ ਪੇਸ਼ ਹੋਣਾ ਸੀ ਕਿ ਉਹ ਘਰ ਛੱਡ ਕੇ ਚਲੇ ਗਏ ਅਤੇ ਜਰਮਨੀ ਪਹੁੰਚ ਗਏ। ਜਰਮਨੀ 'ਚ ਉਨ੍ਹਾਂ ਨੇ ਹਿਟਲਰ ਨਾਲ ਮੁਲਾਕਾਤ ਕੀਤੀ। ਅੰਗਰੇਜ਼ਾਂ ਦੇ ਵਿਰੁੱਧ ਯੁੱਧ ਲਈ ਉਨ੍ਹਾਂ ਨੇ 'ਆਜ਼ਾਦ ਹਿੰਦ ਫੌਜ' ਦਾ ਗਠਨ ਕੀਤਾ ਅਤੇ ਨੌਜਵਾਨਾਂ ਨੂੰ 'ਤੁਮ ਮੁਝੇ ਖੂਨ ਦੋ, ਮੈਂ ਤੁਮੇਂ ਆਜ਼ਾਦੀ ਦੁਗਾਂ' ਦਾ ਨਾਆਰਾ ਵੀ ਦਿੱਤਾ। ਸੁਭਾਸ਼ ਚੰਦਰ ਬੋਸ ਉਹਨਾਂ ਮਹਾਨਾਇਕਾਂ ਵਿੱਚੋ ਇੱਕ ਹਨ ਜਿਹਨਾਂ ਨੇ ਅਜ਼ਾਦੀ ਦੀ ਲੜਾਈ ਦੇ ਲਈ ਆਪਣਾ ਸਭ ਕੁਝ ਵਾਰ ਦਿੱਤਾ।

 

ਨੇਤਾਜੀ ਤੇ ਹਿਟਲਰ ਦੀ ਦਿਲਚਸਪ ਮੁਲਾਕਾਤ :
ਦੇਸ਼ ਨੂੰ ਆਜ਼ਾਦੀ ਦਿਵਾਉਣ ਦੀਆਂ ਕੋਸ਼ਿਸ਼ਾਂ ਤਹਿਤ ਨੇਤਾਜੀ ਇੱਕ ਵਾਰ ਹਿਟਲਰ ਨੂੰ ਮਿਲਣ ਗਏ ਸਨ। ਉਸ ਸਮੇਂ ਦਾ ਇੱਕ ਦਿਲਚਸਪ ਕਿੱਸਾ ਹੈ। ਦਰਅਸਲ, ਜਦੋਂ ਉਹ ਹਿਟਲਰ ਨੂੰ ਮਿਲਣ ਗਏ ਤਾਂ ਉਦੋਂ ਨੇਤਾਜੀ ਨੂੰ ਇੱਕ ਕਮਰੇ 'ਚ ਬਿਠਾ ਦਿੱਤਾ ਗਿਆ। ਉਸ ਸਮੇਂ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ ਅਤੇ ਹਿਟਲਰ ਦੀ ਜਾਨ ਨੂੰ ਖ਼ਤਰਾ ਸੀ। ਆਪਣੀ ਸੁਰੱਖਿਆ ਲਈ ਹਿਟਲਰ ਆਪਣੇ ਆਸਪਾਸ ਹਮਸ਼ਕਲ ਰੱਖਦਾ ਸੀ, ਜੋ ਬਿਲਕੁਲ ਉਸ ਵਰਗੇ ਲੱਗਦੇ ਸਨ। ਥੋੜੀ ਦੇਰ ਬਾਅਦ ਹਿਟਲਰ ਵਰਗਾ ਇੱਕ ਵਿਅਕਤੀ ਨੇਤਾ ਜੀ ਨੂੰ ਮਿਲਣ ਆਇਆ ਅਤੇ ਨੇਤਾਜੀ ਵੱਲ ਆਪਣਾ ਹੱਥ ਵਧਾ ਦਿੱਤਾ।

 

ਨੇਤਾਜੀ ਨੇ ਹੱਥ ਮਿਲਾਇਆ ਅਤੇ ਮੁਸਕਰਾਉਂਦੇ ਹੋਏ ਕਿਹਾ - ਤੁਸੀਂ ਹਿਟਲਰ ਨਹੀਂ ਹੋ, ਮੈਂ ਉਨ੍ਹਾਂ ਨੂੰ ਮਿਲਣ ਆਇਆ ਹਾਂ। ਉਹ ਵਿਅਕਤੀ ਹੈਰਾਨ ਰਹਿ ਗਿਆ ਅਤੇ ਵਾਪਸ ਚਲਾ ਗਿਆ। ਥੋੜ੍ਹੀ ਦੇਰ ਬਾਅਦ ਹਿਟਲਰ ਵਰਗਾ ਇੱਕ ਹੋਰ ਵਿਅਕਤੀ ਨੇਤਾਜੀ ਨੂੰ ਮਿਲਣ ਆਇਆ। ਹੱਥ ਮਿਲਾਉਣ ਤੋਂ ਬਾਅਦ ਨੇਤਾਜੀ ਨੇ ਉਸ ਨੂੰ ਵੀ ਕਿਹਾ ਕਿ ਉਹ ਹਿਟਲਰ ਨੂੰ ਮਿਲਣ ਆਏ ਹਨ ਨਾ ਕਿ ਉਨ੍ਹਾਂ ਦੇ ਹਮਕਸ਼ਲ ਨੂੰ। ਇਸ ਤੋਂ ਬਾਅਦ ਹਿਟਲਰ ਖੁਦ ਆਇਆ।
 

ਇਸ ਵਾਰ ਨੇਤਾਜੀ ਨੇ ਅਸਲ ਹਿਟਲਰ ਨੂੰ ਪਛਾਣ ਲਿਆ ਅਤੇ ਕਿਹਾ, "ਮੈਂ ਸੁਭਾਸ਼ ਹਾਂ... ਮੈਂ ਭਾਰਤ ਤੋਂ ਆਇਆ ਹਾਂ... ਹੱਥ ਮਿਲਾਉਣ ਤੋਂ ਪਹਿਲਾਂ ਕਿਰਪਾ ਕਰਕੇ ਦਸਤਾਨੇ ਉਤਾਰ ਦਿਓ ਕਿਉਂਕਿ ਮੈਂ ਦੋਸਤੀ ਵਿਚਕਾਰ ਕੰਧ ਨਹੀਂ ਚਾਹੁੰਦਾ।” ਨੇਤਾਜੀ ਦੇ ਭਰੋਸੇ ਤੇ ਨਿਡਰਤਾ ਨੂੰ ਵੇਖ ਕੇ ਹਿਟਲਰ ਉਨ੍ਹਾਂ ਦਾ ਕਾਇਲ ਹੋ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Netaji Subhas Chandra Bose 123th Jayanti today