ਦਿੱਲੀ ਸਥਿਤ ਅਮਰੀਕੀ ਸਫ਼ਾਰਤਖਾਨੇ (ਅੰਬੈਸੀ) 'ਚ 5 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕੀ ਸਫ਼ਾਰਤਖਾਨੇ 'ਚ ਰਹਿਣ ਵਾਲੇ ਨੌਜਵਾਨ ਨੇ ਲੜਕੀ ਨੂੰ ਆਪਣੇ ਕੁਆਰਟਰ 'ਚ ਲਿਜਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਚਾਣਕਯਾਪੁਰੀ ਥਾਣਾ ਪੁਲਿਸ ਨੇ ਬਲਾਤਕਾਰ ਅਤੇ ਪੋਕਸੋ ਦੀ ਧਾਰਾ 4 ਅਤੇ 6 ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਬਲਾਤਕਾਰ ਤੋਂ ਬਾਅਦ ਬੱਚੀ ਨੂੰ ਪਹਿਲਾਂ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਲੜਕੀ ਦੀ ਹਾਲਤ ਗੰਭੀਰ ਵੇਖਦਿਆਂ ਪਰਿਵਾਰ ਵਾਲਿਆਂ ਨੇ ਉਸ ਨੂੰ ਏਮਜ਼ 'ਚ ਦਾਖਲ ਕਰਵਾਇਆ। ਇਸ ਘਟਨਾ ਤੋਂ ਬਾਅਦ ਬੱਚੀ ਸਦਮੇ 'ਚ ਹੈ। ਇੱਕੋ ਕੰਪਾਊਂਡ 'ਚ ਰਹਿਣ ਕਾਰਨ ਪੀੜਤ ਬੱਚੀ ਮੁਲਜ਼ਮ ਨੂੰ ਚਾਚੂ ਕਹਿ ਕੇ ਬੁਲਾਉਂਦੀ ਸੀ।
ਨਵੀਂ ਦਿੱਲੀ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਪੀੜਤ ਬੱਚੀ ਆਪਣੇ ਮਾਤਾ-ਪਿਤਾ ਦੇ ਨਾਲ ਅਮਰੀਕੀ ਸਫਾਰਤਖਾਨੇ ਅੰਦਰ ਰਹਿੰਦੀ ਹੈ। ਬੱਚੇ ਦਾ ਪਿਤਾ ਸਫਾਰਤਖਾਨੇ 'ਚ ਕੰਮ ਕਰਦਾ ਹੈ। ਇਸ ਲਈ ਉਸ ਨੂੰ ਇੱਥੇ ਹੀ ਕੁਆਰਟਰ ਮਿਲੇ ਹੋਏ ਹਨ। ਮੁਲਜ਼ਮ ਦੇ ਮਾਪੇ ਵੀ ਅਮਰੀਕੀ ਸਫ਼ਾਰਤਖਾਨੇ 'ਚ ਕੰਮ ਕਰਦੇ ਹਨ। ਇਸ ਕਾਰਨ ਕਰਕੇ ਉਹ ਵੀ ਇੱਥੇ ਰਹਿ ਰਹੇ ਹਨ। ਬੀਤੀ 1 ਫਰਵਰੀ ਨੂੰ ਮੁਲਜ਼ਮ ਘਰ 'ਚ ਇਕੱਲਾ ਸੀ। ਉਸ ਦਾ ਪਿਤਾ ਸਫ਼ਾਰਤਖਾਨੇ 'ਚ ਕੰਮ ਕਰਨ ਗਿਆ ਸੀ, ਜਦਕਿ ਮਾਂ ਗਾਜ਼ਿਆਬਾਦ ਸਥਿਤ ਆਪਣੇ ਘਰ ਗਈ ਸੀ। ਪੀੜਤ ਲੜਕੀ ਦੁਪਹਿਰ ਨੂੰ ਘਰ ਦੇ ਬਾਹਰ ਖੇਡ ਰਹੀ ਸੀ। ਉਸ ਦੇ ਮਾਤਾ-ਪਿਤਾ ਘਰ ਦੇ ਅੰਦਰ ਸਨ।
ਇਸ ਦੌਰਾਨ ਬੱਚੀ ਨੂੰ ਮੁਲਜ਼ਮ ਆਪਣੇ ਕੁਆਰਟਰ 'ਚ ਲੈ ਗਿਆ। ਮੁਲਜ਼ਮ ਨੇ ਪਹਿਲਾਂ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਫਿਰ ਬਦਸਲੂਕੀ ਕੀਤੀ। ਜਦੋਂ ਲੜਕੀ ਖੂਨੀ ਹਾਲਤ 'ਚ ਘਰ ਪਹੁੰਚੀ ਤਾਂ ਉਸ ਨੇ ਮਾਪਿਆਂ ਨੂੰ ਇਸ ਬਾਰੇ ਦੱਸਿਆ। ਮਾਪਿਆਂ ਨੇ ਉਸ ਨੂੰ ਤੁਰੰਤ ਸਥਾਨਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਉਸ ਤੋਂ ਬਾਅਦ ਲੜਕੀ ਨੂੰ ਉੱਥੋਂ ਏਮਜ਼ ਭੇਜ ਦਿੱਤਾ ਗਿਆ।
ਚਾਣਕਯਾਪੁਰੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਮੁਲਜ਼ਮ ਡਰਾਈਵਰੀ ਦਾ ਕੰਮ ਕਰਦਾ ਹੈ।