ਹਿਮਾਚਲ ਪ੍ਰਦੇਸ਼ ਦੇ ਬਹੁਤੇ ਇਲਾਕਿਆਂ ਵਿੱਚ ਭਾਰੀ ਵਰਖਾ ਕਾਰਨ ਪਠਾਨਕੋਟ–ਜੋਗਿੰਦਰਨਗਰ ਨੈਰੋਗੇਜ ਰੇਲ ਸੈਕਸ਼ਨ ਉੱਤੇ ਰਾਤ ਦੀ ਰੇਲ–ਸੇਵਾ ਬੰਦ ਕਰ ਦਿੱਤੀ ਗਈ ਹੈ। ਇਹ ਫ਼ੈਸਲਾ ਫ਼ਿਰੋਜ਼ਪੁਰ ਡਿਵੀਜ਼ਨ ਦੇ ਅਧਿਕਾਰੀਆਂ ਲੇ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਜ–ਕੱਲ੍ਹ ਭਾਰੀ ਮੀਂਹ ਕਰਕੇ ਪਹਾੜਾਂ ਉੱਤੇ ਢਿੱਗਾਂ ਡਿੱਗਣਾ ਆਮ ਗੱਲ ਹੈ। ਇਸੇ ਲਈ ਰਾਤ ਦੀ ਸੇਵਾ ਬੰਦ ਕੀਤੀ ਗਈ ਹੈ।
ਦੋ ਰੇਲ–ਗੱਡੀਆਂ ਨੂੰ ਜੋਗਿੰਦਰਨਗਰ ਦੀ ਥਾਂ ਜਵਾਲਾਮੁਖੀ ਸਟੇਸ਼ਨ ਤੋਂ ਹੀ ਲੰਘਾਇਆ ਜਾਵੇਗਾ। ਰੇਲ ਇੰਜੀਨੀਅਰਾਂ ਦਾ ਕਹਿਣਾ ਹੈ ਕਿ ਕੋਪੜਲਾਹੜ ’ਚ ਬਹੁਤ ਤਿੱਖੇ ਮੋੜ ਹਨ; ਜਿਸ ਕਰਕੇ ਰੇਲ ਡਰਾਇਵਰ ਨੂੰ ਅਗਲੇਰੀ ਪਟੜੀ ਵੇਖਣੀ ਔਖੀ ਹੁੰਦੀ ਹੈ। ਰਾਤ ਸਮੇਂ ਰੇਲ ਚਲਾਉਣਾ ਬਹੁਤ ਔਖਾ ਹੈ।
ਇੰਜੀਨੀਅਰਾਂ ਦਾ ਕਹਿਣਾ ਹੈ ਕਿ ਜੇ ਪਹਾੜਾਂ ਉੱਤੇ ਰੇਲ ਗੱਡੀ ਦੀ ਬ੍ਰੇਕ ਲਾਈ ਜਾਵੇ, ਤਾਂ ਵੀ ਉਹ 180 ਮੀਟਰ ਦੂਰ ਜਾ ਕੇ ਖੜ੍ਹੀ ਹੁੰਦੀ ਹੈ। ਅਜਿਹੇ ਹਾਲਾਤ ਵਿੱਚ ਜੇ ਕਿਤੇ ਮੋੜ ਕੋਲ ਕੋਈ ਢਿੱਗ ਡਿੱਗੀ ਹੋਵੇ ਤੇ ਡਰਾਇਵਰ ਭਾਵੇਂ ਬ੍ਰੇਕ ਵੀ ਲਾ ਦੇਵੇ, ਤਦ ਵੀ ਯਾਤਰੀਆਂ ਤੇ ਰੇਲ–ਗੱਡੀ ਦੋਵਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ।
ਇਹ ਹੁਕਮ ਅਗਲੇ ਇੱਕ ਜਾਂ ਦੋ ਮਹੀਨਿਆਂ ਲਈ ਲਾਗੂ ਰਹਿਣਗੇ। ਹਰ ਸਾਲ ਜੁਲਾਈ–ਅਗਸਤ ਦੇ ਮਹੀਨਿਆਂ ਦੌਰਾਨ ਕੋਪੜਲਾਹਹੜ ਗੁਲੇਰ ਦੇ ਰਾਹ ਉੱਤੇ ਢਿੱਗਾਂ ਡਿੱਗਣ ਕਾਰਨ ਇੱਕ ਤੋਂ ਦੋ ਮਹੀਨਿਆਂ ਤੱਕ ਰੇਲ–ਸੇਵਾ ਪ੍ਰਭਾਵਿਤ ਰਹਿੰਦੀ ਹੈ।
ਪਠਾਨਕੋਟ ਰੇਲਵੇ ਸਟੇਸ਼ਨ ਦੇ ਅਸਿਸਟੈਂਟ ਸਟੇਸ਼ਨ ਮਾਸਟਰ ਮਨਮੋਹਨ ਸੈਣੀ ਨੇ ਦੱਸਿਆ ਕਿ ਨੈਰੋਗੇਜ ਸੈਕਸ਼ਨ ਉੱਤੇ ਰਾਤੀਂ 9 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਰੇਲ–ਗੱਡੀਆਂ ਦੀ ਆਵਾਜਾਈ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।