ਤਿਹਾੜ ਜੇਲ੍ਹ ’ਚ ਕੈਦ ਦਿੱਲੀ ਸਮੂਹਕ ਬਲਾਤਕਾਰ ਤੇ ਕਤਲ ਕਾਂਡ ਦੇ ਚਾਰੇ ਦੋਸ਼ੀਆਂ ਨੇ 5 ਦਿਨ ਬੀਤ ਜਾਣ ਦੇ ਬਾਅਵ ਵੀ ਰਾਸ਼ਟਰਪਤੀ ਕੋਲ ਰਹਿਮ ਪਟੀਸ਼ਨ ਦਾਖਲ ਨਹੀਂ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਯਕੀਨੀ ਤੌਰ 'ਤੇ ਮੰਗਲਵਾਰ (24 ਦਸੰਬਰ) ਨੂੰ ਉਹ ਰਹਿਮ ਪਟੀਸ਼ਨ ਦਾਖਲ ਕਰਨਗੇ ਜਾਂ ਫਿਰ ਕਿਊਰੇਟਿਵ ਅਪੀਲ। ਰਹਿਮ ਪਟੀਸ਼ਨ ਦਾਖਲ ਕਰਨ ਲਈ ਦਿੱਤੀ ਗਈ 7 ਦਿਨ ਦੀ ਮਿਆਦ ਬੁੱਧਵਾਰ (25 ਦਸੰਬਰ) ਨੂੰ ਪੂਰੀ ਹੋਵੇਗੀ।
ਤਿਹਾੜ ਜੇਲ ਪ੍ਰਸ਼ਾਸਨ ਨੇ 18 ਦਸੰਬਰ ਨੂੰ ਨਿਰਭਯਾ ਦੇ ਦੋਸ਼ੀ ਪਵਨ ਗੁਪਤਾ, ਅਕਸ਼ੇ ਸਿੰਘ, ਮੁਕੇਸ਼ ਅਤੇ ਵਿਨੇ ਸ਼ਰਮਾ ਨੂੰ ਨੋਟਿਸ ਜਾਰੀ ਕੀਤੇ ਸਨ ਕਿ ਉਹ ਇੱਕ ਹਫਤੇ ਅੰਦਰ ਰਾਸ਼ਟਰਪਤੀ ਦੇ ਅੱਗੇ ਰਹਿਮ ਪਟੀਸ਼ਨ ਦਾਖਲ ਕਰਸ ਕਦੇ ਹਨ।
25 ਦਸੰਬਰ ਨੂੰ ਰਹਿਮ ਪਟੀਸ਼ਨ ਦਾਖਲ ਕਰਨ ਦੇ 7 ਦਿਨ ਪੂਰੇ ਹੋ ਰਹੇ ਹਨ ਪਰ ਹਾਲੇ ਤਕ ਕਿਸੇ ਵੀ ਦੋਸ਼ੀ ਵੱਲੋਂ ਰਹਿਮ ਪਟੀਸ਼ਨ ਦਾਖਲ ਨਹੀਂ ਕੀਤੀ ਗਈ ਹੈ। ਇਸ ਸਬੰਧ 'ਚ ਤਿਹਾੜ ਜੇਲ ਦੇ ਏਡੀਜੀ ਰਾਜਕੁਮਾਰ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਿਸ ਦਿਨ ਨੋਟਿਸ ਜਾਰੀ ਕੀਤਾ ਗਿਆ, ਉਸ ਦਿਨ ਨੂੰ 7 ਦਿਨ 'ਚ ਸ਼ਾਮਿਲ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕੋਲ ਹਾਲੇ ਮੰਗਲਵਾਰ ਅਤੇ ਬੁੱਧਵਾਰ ਦੇ ਦਿਨ ਬਾਕੀ ਹਨ।
ਜ਼ਿਕਰਯੋਗ ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲਾਂ ਦੀ ਪੈਰਾ–ਮੈਡੀਕਲ ਵਿਦਿਆਰਥਣ ਨਾਲ ਛੇ ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ ਕੀਤੀਆਂ ਸਨ ਤੇ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਬਾਅਦ ’ਚ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ।
ਇਸ ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।