ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਨਿਰਭਯਾ ਸਮੂਹਕ ਬਲਾਤਕਾਰ ਅਤੇ ਕਤਲ ਕਾਂਡ ਦੇ ਚਾਰ ਦੋਸ਼ੀਆਂ ਵਿੱਚੋਂ ਇੱਕ ਮੁਕੇਸ਼ ਸਿੰਘ ਦੀ ਰਹਿਮ ਅਪੀਲ ਰੱਦ ਕਰ ਦਿੱਤੀ ਹੈ ਅਤੇ ਗ੍ਰਹਿ ਮੰਤਰਾਲੇ ਨੇ ਦਿੱਲੀ ਸਰਕਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਦੋਸ਼ੀਆਂ ਦੇ ਸਾਰੇ ਕਾਨੂੰਨੀ ਆਪਸ਼ਨ ਖਤਮ ਹੋ ਗਏ ਹਨ। ਇਸ ਦੌਰਾਨ ਦਿੱਲੀ ਦੀ ਅਦਾਲਤ ਨੇ ਨਵਾਂ ਮੌਤ ਦਾ ਵਾਰੰਟ ਜਾਰੀ ਕੀਤਾ ਹੈ, ਜਿਸ ਦੇ ਅਨੁਸਾਰ ਹੁਣ ਚਾਰਾਂ ਦੋਸ਼ੀਆਂ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਿਸ ਰਫ਼ਤਾਰ ਨਾਲ ਦੋਸ਼ੀ ਮੁਕੇਸ਼ ਸਿੰਘ ਦੀ ਰਹਿਮ ਅਪੀਲ ਖਾਰਜ ਕੀਤੀ ਹੈ, ਉਹ ਆਪਣੇ ਆਪ 'ਚ ਇੱਕ ਰਿਕਾਰਡ ਹੈ।
ਦਰਅਸਲ, ਚਾਰ ਦਿਨ ਪਹਿਲਾਂ ਦੋਸ਼ੀ ਮੁਕੇਸ਼ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸਾਹਮਣੇ ਰਹਿਮ ਅਪੀਲ ਦਾਇਰ ਕੀਤੀ ਸੀ। ਮੁਕੇਸ਼ ਸਿੰਘ ਨੇ ਸੁਪਰੀਮ ਕੋਰਟ ਵੱਲੋਂ ਮੌਤ ਦੀ ਸਜ਼ਾ ਦੇ ਫੈਸਲੇ ਦੇ ਵਿਰੁੱਧ ਉਸ ਦੀ ਕਿਊਰੇਟਿਵ ਪਟੀਸ਼ਨ ਨੂੰ ਰੱਦ ਕਰਨ ਦੇ ਕੁੱਝ ਘੰਟੇ ਬਾਅਦ ਮੰਗਲਵਾਰ ਨੂੰ ਰਹਿਮ ਪਟੀਸ਼ਨ ਭੇਜੀ ਸੀ।
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਦੁਪਹਿਰ ਦੋਸ਼ੀ ਵਿਨੇ ਦੀ ਰਹਿਮ ਦੀ ਅਪੀਲ ਖਾਰਜ ਕਰਨ ਦਾ ਐਲਾਨ ਕੀਤਾ ਸੀ ਅਤੇ ਇਸ ਨੂੰ ਉਪ ਰਾਜਪਾਲ ਅਨਿਲ ਬੈਜਲ ਦੇ ਦਫ਼ਤਰ ਭੇਜ ਦਿੱਤਾ ਸੀ। ਅਗਲੇ 24 ਘੰਟਿਆਂ 'ਚ ਇਸ ਨੂੰ ਗ੍ਰਹਿ ਮੰਤਰਾਲੇ ਕੋਲ ਭੇਜ ਦਿੱਤਾ ਗਿਆ। ਗ੍ਰਹਿ ਮੰਤਰਾਲੇ ਨੇ ਵੀਰਵਾਰ ਰਾਤ ਰਾਸ਼ਟਰਪਤੀ ਨੂੰ ਰਹਿਮ ਅਪੀਲ ਦੀ ਫਾਈਲ ਭੇਜੀ ਸੀ ਅਤੇ ਇਸ ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੀ ਸੀ। ਫਿਰ ਸ਼ੁੱਕਰਵਾਰ ਸਵੇਰੇ ਰਾਸ਼ਟਰਪਤੀ ਕੋਵਿੰਦ ਦਾ ਹੁਕਮ ਗ੍ਰਹਿ ਮੰਤਰਾਲੇ ਤੱਕ ਪਹੁੰਚ ਗਿਆ।
ਰਹਿਮ ਪਟੀਸ਼ਨਾਂ ਨੂੰ ਸੰਭਾਲਣ ਵਾਲੇ ਅਧਿਕਾਰੀਆਂ ਦੀ ਮੰਨੀਏ ਤਾਂ ਚਾਰ ਦਿਨਾਂ ਦੇ ਅੰਦਰ ਇਹ ਫੈਸਲਾ ਆਪਣੇ ਆਪ 'ਚ ਇੱਕ ਰਿਕਾਰਡ ਹੈ। ਇਸ ਤੋਂ ਪਹਿਲਾਂ ਰਹਿਮ ਪਟੀਸ਼ਨ 42 ਦਿਨਾਂ 'ਚ ਪੂਰੀ ਹੋਣ ਦਾ ਰਿਕਾਰਡ ਸੀ। 42 ਦਿਨਾਂ ਦਾ ਪਿਛਲਾ ਰਿਕਾਰਡ ਰਾਜਸਥਾਨ ਦੇ ਕਿਸਾਨ ਰਾਮ ਚੰਦਰ ਦੁਆਰਾ 1996 'ਚ ਦਾਇਰ ਕੀਤੀ ਗਈ ਰਹਿਮ ਪਟੀਸ਼ਨ 'ਤੇ ਸੀ।
2012 'ਚ ਅੱਤਵਾਦੀ ਅਜਮਲ ਕਸਾਬ ਦੀ ਰਹਿਮ ਦੀ ਅਪੀਲ 'ਤੇ 54 ਦਿਨਾਂ 'ਚ ਫੈਸਲਾ ਆਇਆ ਸੀ। ਕਸਾਬ ਮੁੰਬਈ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਸੀ। ਜਿਸ ਨੂੰ 2008 'ਚ ਹੋਏ 26/11 ਦੇ ਅੱਤਵਾਦੀ ਹਮਲੇ ਦੌਰਾਨ 166 ਲੋਕਾਂ ਦੀ ਹੱਤਿਆ ਲਈ ਫਾਂਸੀ ਦਿੱਤੀ ਗਈ ਸੀ।
ਇਹ ਹੈ ਪੂਰਾ ਮਾਮਲਾ :
ਜ਼ਿਕਰਯੋਗ ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲ ਦੀ ਪੈਰਾ–ਮੈਡੀਕਲ ਵਿਦਿਆਰਥਣ ਨਾਲ ਛੇ ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ ਕੀਤੀਆਂ ਸਨ ਤੇ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਬਾਅਦ ’ਚ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ। ਇਸ ਕੇਸ 'ਚ ਨਾਮਜ਼ਦ 6 ਵਿਅਕਤੀਆਂ 'ਚ ਮੁਕੇਸ਼ ਸਿੰਘ, ਵਿਨੇ ਸ਼ਰਮਾ, ਅਕਸ਼ੇ ਕੁਮਾਰ ਸਿੰਘ, ਪਵਨ ਗੁਪਤਾ, ਰਾਮ ਸਿੰਘ ਅਤੇ ਇੱਕ ਨਾਬਾਲਗ ਸੀ।
ਦੋਸ਼ੀ ਰਾਮ ਸਿੰਘ ਨੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।