ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਭਯਾ ਕਾਂਡ : ਦੋਸ਼ੀਆਂ ਦੀ ਫਾਂਸੀ 'ਤੇ ਅੱਜ ਹੋਵੇਗੀ ਸੁਣਵਾਈ, ਜਾਰੀ ਹੋ ਸਕਦੈ ਨਵਾਂ ਡੈਥ ਵਾਰੰਟ

ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਮਾਮਲੇ 'ਚ ਅੱਜ ਦੋਸ਼ੀਆਂ ਦੀ ਫਾਂਸੀ ਲਈ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਅਦਾਲਤ ਅੱਜ ਦੋਸ਼ੀਆਂ ਵਿਰੁੱਧ ਨਵਾਂ ਡੈਥ ਵਾਰੰਟ ਜਾਰੀ ਕਰ ਸਕਦੀ ਹੈ। ਤਿਹਾੜ ਜੇਲ ਪ੍ਰਸ਼ਾਸਨ ਅਤੇ ਨਿਰਭਯਾ ਦੇ ਮਾਪਿਆਂ ਵੱਲੋਂ ਦਾਖਲ ਪਟੀਸ਼ਨ 'ਤੇ ਅੱਜ ਫਿਰ ਤੋਂ ਸੁਣਵਾਈ ਹੋਵੇਗੀ। ਆਪਣੀ ਪਟੀਸ਼ਨ 'ਚ ਪਟੀਸ਼ਨਕਰਤਾਵਾਂ ਨੇ ਨਿਰਭਯਾ ਦੇ ਦੋਸ਼ੀਆਂ ਵਿਰੁੱਧ ਨਵੇਂ ਸਿਰੇ ਤੋਂ ਡੈਥ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਹੈ।
 

ਦੋਸ਼ੀ ਪਵਨ ਨੂੰ ਅਦਾਲਤ ਵੱਲੋਂ ਮੁਹੱਈਆ ਕਰਵਾਏ ਗਏ ਨਵੇਂ ਵਕੀਲ ਪਹਿਲੀ ਵਾਰ ਮਾਮਲੇ 'ਚ ਪਵਨ ਦਾ ਪੱਖ ਰੱਖਣਗੇ। ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਤਿਹਾੜ ਜੇਲ ਪ੍ਰਸ਼ਾਸਨ ਅਤੇ ਨਿਰਭਯਾ ਦੇ ਮਾਪਿਆਂ ਦੀ ਪਟੀਸ਼ਨਾਂ 'ਤੇ ਸੁਣਵਾਈ ਕਰਨਗੇ। ਪਿਛਲੀ ਸੁਣਵਾਈ 'ਚ ਅਦਾਲਤ ਨੇ ਦੋਸ਼ੀ ਪਵਨ ਦੇ ਕੇਸ ਨੂੰ ਪੇਸ਼ ਕਰਨ ਲਈ ਸਰਕਾਰੀ ਵਕੀਲ ਰਵੀ ਕਾਜ਼ੀ ਨੂੰ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਪਿਛਲੇ ਵਕੀਲ ਏ.ਪੀ. ਸਿੰਘ ਅਦਾਲਤ 'ਚ ਪਵਨ ਦੀ ਪੈਰਵੀ ਕਰ ਰਹੇ ਸਨ। 
 

ਅੱਜ ਸੋਮਵਾਰ ਨੂੰ ਰਵੀ ਕਾਜ਼ੀ ਪਹਿਲੀ ਵਾਰ ਦੋਸ਼ੀ ਪਵਨ ਵੱਲੋਂ ਆਪਣੀਆਂ ਦਲੀਲਾਂ ਪੇਸ਼ ਕਰਨਗੇ ਅਤੇ ਇਹ ਵੀ ਦੱਸਣਗੇ ਕਿ ਕੀ ਪਵਨ ਵੱਲੋਂ ਕਿਊਰੇਟਿਵ ਜਾਂ ਰਹਿਮ ਅਪੀਲ ਦਾਖਲ ਕੀਤੀ ਗਈ ਹੈ ਜਾਂ ਨਹੀਂ। ਦੂਜੇ ਪਾਸੇ ਨਿਰਭਯਾ ਪੱਖ ਦੇ ਵਕੀਲ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਨਵਾਂ ਮੌਤ ਦਾ ਵਾਰੰਟ ਜਾਰੀ ਕਰਨ ਦੀ ਮੰਗ ਕਰਨਗੇ।
 

ਦੱਸ ਦੇਈਏ ਕਿ ਫਿਲਹਾਲ ਨਿਰਭਯਾ ਦੇ ਤਿੰਨ ਦੋਸ਼ੀ ਵਿਨੇ, ਮੁਕੇਸ਼ ਅਤੇ ਅਕਸ਼ੇ ਦੇ ਸਾਰੇ ਕਾਨੂੰਨੀ ਆਪਸ਼ਨ ਖਤਮ ਹੋ ਗਏ ਹਨ, ਪਰ ਚੌਥੇ ਦੋਸ਼ੀ ਪਵਨ ਦੇ ਕੋਲ ਅਜੇ ਵੀ ਕਿਊਰੇਟਿਵ ਅਤੇ ਰਹਿਮ ਅਪੀਲ ਦਾਇਰ ਕਰਨ ਦਾ ਮੌਕਾ ਹੈ। ਹਾਲਾਂਕਿ 5 ਫ਼ਰਵਰੀ ਨੂੰ ਹਾਈ ਕੋਰਟ ਨੇ ਦੋਸ਼ੀਆਂ ਦੇ ਸਾਰੇ ਕਾਨੂੰਨੀ ਆਪਸ਼ਨਾਂ ਦੀ ਵਰਤੋਂ ਕਰਨ ਦਾ ਅਲਟੀਮੇਟਮ ਦਿੱਤਾ ਸੀ, ਪਰ ਦੋਸ਼ੀ ਪਵਨ ਦੀ ਤਰਫੋਂ ਇਸ ਦੌਰਾਨ ਕੋਈ ਪਟੀਸ਼ਨ ਦਾਇਰ ਨਹੀਂ ਕੀਤੀ ਗਈ ਹੈ।
 

ਦਰਅਸਲ, ਪਿਛਲੀ ਸੁਣਵਾਈ ਦੌਰਾਨ ਦੋਸ਼ੀ ਪਵਨ ਦੇ ਪਿਤਾ ਨੇ ਕੋਈ ਕਾਨੂੰਨੀ ਆਪਸ਼ਨ ਵਰਤਣ ਤੋਂ ਇਨਕਾਰ ਕਰ ਦਿੱਤਾ ਸੀ। ਜੇ ਪਵਨ ਦੁਆਰਾ ਕਿਊਰੇਟਿਵ ਜਾਂ ਰਹਿਮ ਅਪੀਲ ਦਾਖਲ ਨਹੀਂ ਕੀਤੀ ਜਾਂਦੀ ਹੈ ਤਾਂ ਅਦਾਲਤ ਨਿਯਮਾਂ ਤਹਿਤ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਨਵਾਂ ਡੈਥ ਵਾਰੰਟ ਜੀਰਾ ਕਰ ਸਕਦੀ ਹੈ। ਇਹ ਨਿਯਮ ਹੈ ਕਿ ਜੇ ਕਿਸੇ ਦੋਸ਼ੀ ਦੀ ਕੋਈ ਪਟੀਸ਼ਨ ਪੈਂਡਿੰਗ ਨਹੀਂ ਹੈ ਤਾਂ ਮੌਤ ਦਾ ਵਾਰੰਟ ਜਾਰੀ ਕੀਤਾ ਜਾ ਸਕਦਾ ਹੈ। ਹਾਲਾਂਕਿ ਦੋਸ਼ੀ ਪਵਨ ਕੋਲ ਅਜੇ ਵੀ ਕਿਊਰੇਟਿਵ ਅਤੇ ਰਹਿਮ ਅਪੀਲ ਦਾਖਲ ਕਰਨ ਦੀ ਆਪਸ਼ਨ ਮੌਜੂਦ ਹੈ।
 

ਇਹ ਹੈ ਪੂਰਾ ਮਾਮਲਾ :
ਜ਼ਿਕਰਯੋਗ ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲ ਦੀ ਪੈਰਾ–ਮੈਡੀਕਲ ਵਿਦਿਆਰਥਣ ਨਾਲ ਛੇ ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ ਕੀਤੀਆਂ ਸਨ ਤੇ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਬਾਅਦ ’ਚ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ।

 

ਇਸ ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nirbhaya gangrape and murder case court sits to decide a fresh execution date