ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਮਾਮਲੇ ਦੇ ਚਾਰ ਦੋਸ਼ੀਆਂ ਵਿਚੋਂ ਇੱਕ ਮੁਕੇਸ਼ ਕੁਮਾਰ ਨੇ ਦਿੱਲੀ ਹਾਈ ਕੋਰਟ ਨੂੰ ਡੈਥ ਵਾਰੰਟ ਰੱਦ ਕਰਨ ਦੀ ਮੰਗ ਕੀਤੀ ਹੈ। ਉਸ ਦੀ ਪਟੀਸ਼ਨ 'ਤੇ ਬੁੱਧਵਾਰ ਨੂੰ ਜਸਟਿਸ ਮਨਮੋਹਨ ਅਤੇ ਜਸਟਿਸ ਸੰਗੀਤਾ ਢੀਂਗਰਾ ਦੀ ਬੈਂਚ ਨੇ ਸੁਣਵਾਈ ਕੀਤੀ। ਇਸ ਦੌਰਾਨ ਦਿੱਲੀ ਸਰਕਾਰ ਨੇ ਕਿਹਾ ਕਿ 22 ਜਨਵਰੀ ਨੂੰ ਨਿਰਭਯਾ ਦੇ ਚਾਰ ਦੋਸ਼ੀਆਂ ਨੂੰ ਫਾਂਸੀ ਨਹੀਂ ਦਿੱਤੀ ਹੋਵੇਗੀ, ਕਿਉਂਕਿ ਉਨ੍ਹਾਂ 'ਚੋਂ ਇੱਕ ਦੀ ਰਹਿਮ ਪਟੀਸ਼ਨ ਪੈਂਡਿੰਗ ਹੈ।
ਵਕੀਲ ਨੇ ਇਹ ਵੀ ਕਿਹਾ ਕਿ ਜੇ ਰਹਿਮ ਪਟੀਸ਼ਨ ਖਾਰਜ ਕਰ ਦਿੱਤੀ ਜਾਂਦੀ ਹੈ ਤਾਂ ਵੀ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਨਵਾਂ ਮੌਤ ਵਾਰੰਟ ਜਾਰੀ ਕਰਨ ਲਈ 14 ਦਿਨ ਦਾ ਸਮਾਂ ਦੇਣਾ ਪਏਗਾ।
ਸੂਬਾ ਅਤੇ ਕੇਂਦਰ ਸਰਕਾਰ ਦੇ ਵਕੀਲਾਂ ਨੇ ਬੈਂਚ ਨੂੰ ਕਿਹਾ ਕਿ ਜੇਲ ਨਿਯਮਾਂ ਅਨੁਸਾਰ ਵਾਰੰਟ ਰੱਦ ਕਰਨ ਦੇ ਮਾਮਲੇ 'ਚ ਰਹਿਮ ਅਪੀਲ 'ਤੇ ਫੈਸਲੇ ਦਾ ਇੰਤਜਾਰ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਪੈਂਡਿੰਗ ਰਹਿਣ 'ਤੇ 22 ਜਨਵਰੀ ਨੂੰ ਫਾਂਸੀ ਨਹੀਂ ਦਿੱਤੀ ਜਾ ਸਕੇਗੀ। ਇਸ ਸਥਿਤੀ 'ਚ ਡੈਥ ਵਾਰੰਟ ਰੱਦ ਕਰਨ ਦੀ ਮੰਗ ਕਰਨਾ ਸਹੀ ਨਹੀਂ ਹੈ। ਦੂਜੇ ਪਾਸੇ ਸੁਣਵਾਈ ਤੋਂ ਪਹਿਲਾਂ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਦੋਸ਼ੀ ਭਾਵੇਂ ਜੋ ਮਰਜ਼ੀ ਕਰ ਲੈਣ ਪਰ ਇਸ ਮਾਮਲੇ ਵਿੱਚ ਸਭ ਕੁਝ ਸਪੱਸ਼ਟ ਹੈ। ਸੁਪਰੀਮ ਕੋਰਟ ਅਤੇ ਹਾਈ ਕੋਰਟ ਤੋਂ ਕੁਝ ਵੀ ਲੁਕਿਆ ਨਹੀਂ ਹੈ। ਉਮੀਦ ਹੈ ਕਿ ਮੁਕੇਸ਼ ਦੀ ਮੰਗ ਰੱਦ ਹੋਵੇਗੀ।
ਅਦਾਲਤ ਵਿਚ ਦਿੱਲੀ ਸਰਕਾਰ ਅਤੇ ਕੇਂਦਰ ਨੇ ਕਿਹਾ ਕਿ ਮੌਤ ਦੀ ਸਜ਼ਾ 'ਤੇ ਅਮਲ ਦੇ ਆਦੇਸ਼ ਵਿਰੁੱਧ ਪਟੀਸ਼ਨ ਸਮੇਂ ਤੋਂ ਪਹਿਲਾਂ ਦਾਇਰ ਕੀਤੀ ਗਈ। ਕੇਸ ਦੇ ਚਾਰ ਮੁਲਜ਼ਮਾਂ ਵਿਨੇ ਸ਼ਰਮਾ, ਮੁਕੇਸ਼ ਕੁਮਾਰ, ਅਕਸ਼ੇ ਕੁਮਾਰ ਸਿੰਘ ਅਤੇ ਪਵਨ ਗੁਪਤਾ ਨੂੰ 22 ਜਨਵਰੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ 'ਚ ਫਾਂਸੀ ਦਿੱਤੀ ਜਾਏਗੀ।
ਮੇਰਠ ਦਾ ਪਵਨ ਜੱਲਾਦ ਦੇਵੇਗਾ ਫਾਂਸੀ :
ਚਾਰਾਂ ਦੋਸ਼ੀਆਂ ਨੂੰ ਮੇਰਠ ਦਾ ਪਵਨ ਜੱਲਾਦ ਫਾਂਸੀ ਦੇਣ ਲਈ ਤਿਹਾੜ ਜੇਲ ਜਾਵੇਗਾ। ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਵਿੱਚ ਸਿਰਫ ਦੋ ਜੱਲਾਦ ਹਨ, ਪਹਿਲਾ ਮੇਰਠ ਦਾ ਪਵਨ ਅਤੇ ਦੂਜਾ ਲਖਨਊ ਦਾ ਇਲਿਯਾਸ ਜੱਲਾਦ। ਪਵਨ ਜੱਲਾਦ ਮੇਰਠ ਵਿੱਚ ਰਹਿੰਦਾ ਹੈ। ਪਹਿਲਾਂ ਉਸ ਦੇ ਪਿਤਾ ਮਾਮੂ ਸਿੰਘ, ਦਾਦਾ ਕੱਲੂ ਸਿੰਘ ਅਤੇ ਪੜ੍ਹਦਾਦਾ ਲਕਸ਼ਮਣ ਸਿੰਘ ਫਾਂਸੀ ਦਿੰਦੇ ਸਨ। ਪਵਨ ਦੇਸ਼ ਦਾ ਇਕਲੌਤਾ ਜਿਹਾ ਜੱਲਾਦ ਹੈ ਜੋ ਆਪਣੇ ਪੁਰਖਿਆਂ ਦੇ ਕਾਰੋਬਾਰ ਨੂੰ ਸੰਭਾਲ ਰਿਹਾ ਹੈ। ਕੱਲੂ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲਾਂ ਨੂੰ ਫਾਂਸੀ ਦਿੱਤੀ ਸੀ।
ਇਹ ਹੈ ਪੂਰਾ ਮਾਮਲਾ :
ਜ਼ਿਕਰਯੋਗ ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲਾਂ ਦੀ ਪੈਰਾ–ਮੈਡੀਕਲ ਵਿਦਿਆਰਥਣ ਨਾਲ ਛੇ ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ ਕੀਤੀਆਂ ਸਨ ਤੇ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਬਾਅਦ ’ਚ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ।
ਇਸ ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।