ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਭਯਾ ਨੂੰ 2650 ਦਿਨ ਬਾਅਦ ਮਿਲਿਆ ਇਨਸਾਫ਼ ; ਚਾਰੇ ਦੋਸ਼ੀਆਂ ਨੂੰ ਫਾਂਸੀ ਦਿੱਤੀ

ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਮਾਮਲੇ ਦੇ ਚਾਰ ਦੋਸ਼ੀਆਂ ਪਵਨ, ਅਕਸ਼ੈ, ਮੁਕੇਸ਼ ਅਤੇ ਵਿਨੈ ਨੂੰ ਸ਼ੁੱਕਰਵਾਰ ਸਵੇਰੇ 5:30 ਵਜੇ ਫਾਂਸੀ ਦੇ ਦਿੱਤੀ ਗਈ। ਫਾਂਸੀ ਦੇਣ ਤੋਂ ਪਹਿਲਾਂ ਚਾਰਾਂ ਦਾ ਮੈਡੀਕਲ ਕਰਵਾਇਆ ਗਿਆ, ਜਿਸ 'ਚ ਚਾਰੇ ਸਿਹਤਮੰਦ ਸਨ। ਇਸ ਤੋਂ ਬਾਅਦ ਜੇਲ 'ਚ ਫਾਂਸੀ ਦੀ ਪ੍ਰਕਿਰਿਆ ਪੂਰੀ ਕਰਕੇ ਉਨ੍ਹਾਂ ਨੂੰ ਸਜ਼ਾ-ਏ-ਮੌਤ ਦਿੱਤੀ ਗਈ। ਇਸ ਦੌਰਾਨ ਤਿਹਾੜ ਜੇਲ ਨੂੰ ਲਾਕਡਾਊਨ ਕਰ ਦਿੱਤਾ ਗਿਆ ਸੀ ਅਤੇ ਜੇਲ ਦੇ ਬਾਹਰ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਸਨ।
 

ਨਿਰਭਯਾ ਦੀ ਮਾਂ, ਜੋ ਕਿ ਪਿਛਲੇ 7 ਸਾਲ ਤੋਂ ਇਨਸਾਫ਼ ਦੀ ਉਡੀਕ ਕਰ ਰਹੀ ਸੀ, ਨੇ ਕਿਹਾ, "ਬੀਤੇ ਦਿਨੀਂ ਵੀਰਵਾਰ ਨੂੰ ਜਿਵੇਂ ਹੀ ਉਹ ਸੁਪਰੀਮ ਕੋਰਟ ਤੋਂ ਵਾਪਸ ਆਈ, ਮੈਂ ਧੀ ਦੀ ਤਸਵੀਰ ਨੂੰ ਜੱਫੀ ਪਾਉਂਦਿਆਂ ਕਿਹਾ ਕਿ ਤੈਨੂੰ ਅੱਜ ਇਨਸਾਫ਼ ਮਿਲਿਆ ਹੈ।" ਨਿਰਭਯਾ ਦੀ ਮਾਂ ਨੇ ਵਕੀਲ ਸੀਮਾ ਕੁਸ਼ਵਾਹਾ ਅਤੇ ਭੈਣ ਸੁਨੀਤਾ ਦੇਵੀ ਨੂੰ ਵੀ ਜੱਫੀ ਪਾਈ।

 

ਹਾਈ ਕੋਰਟ ਨੇ ਫਾਂਸੀ 'ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ :
ਵੀਰਵਾਰ ਦੀ ਅੱਧੀ ਰਾਤ ਨੂੰ ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਨਿਰਭਯਾ ਦੇ ਦੋਸ਼ੀਆਂ ਵੱਲੋਂ ਫਾਂਸੀ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਪਰ ਦਿੱਲੀ ਹਾਈ ਕੋਰਟ ਨੇ ਕਿਸੇ ਤਰ੍ਹਾਂ ਦੀ ਰਾਹਤ ਤੋਂ ਇਨਕਾਰ ਕੀਤਾ। ਇਸ ਤੋਂ ਬਾਅਦ ਨਿਰਭਯਾ ਦੇ ਦੋਸ਼ੀਆਂ ਦੀ ਵਕੀਲ ਏਪੀ ਸਿੰਘ ਨੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ।

 

ਸੁਪਰੀਮ ਕੋਰਟ ਨੇ ਵੀ ਆਖਰੀ ਸਮੇਂ ਨਹੀਂ ਦਿੱਤੀ ਰਾਹਤ :
ਨਿਰਭਯਾ ਦੇ ਦੋਸ਼ੀਆਂ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਉਨ੍ਹਾਂ ਦੇ ਵਕੀਲ ਏ.ਪੀ. ਸਿੰਘ ਅੱਧੀ ਰਾਤ ਨੂੰ ਸੁਪਰੀਮ ਕੋਰਟ ਪਹੁੰਚ ਗਏ। ਜਸਟਿਸ ਭਾਨੂਮਤੀ ਦੀ ਤਿੰਨ ਮੈਂਬਰੀ ਬੈਂਚ 'ਚ ਏਪੀ ਸਿੰਘ ਨੇ ਰਾਸ਼ਟਰਪਤੀ ਵੱਲੋਂ ਰੱਦ ਕੀਤੀ ਪਵਨ ਦੀ ਰਹਿਮ ਅਪੀਲ ਅਤੇ ਫਾਂਸੀ 'ਤੇ ਰੋਕ ਲਗਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਪਵਨ ਨੂੰ ਨਾਬਾਲਗ ਸਾਬਤ ਕਰਨ ਲਈ ਅਦਾਲਤ ਦੇ ਸਾਹਮਣੇ ਸਕੂਲ ਸਰਟੀਫ਼ਿਕੇਟ ਅਤੇ ਅਟੈਂਡੈਂਸ ਰਜਿਸਟਰ ਰੱਖੇ ਗਏ। ਪਰ ਸੁਪਰੀਮ ਕੋਰਟ ਨੇ ਕਿਹਾ ਕਿ ਇਨ੍ਹਾਂ ਚੀਜ਼ਾਂ 'ਤੇ ਪਹਿਲਾਂ ਹੀ ਬਹਿਸ ਹੋ ਚੁੱਕੀ ਹੈ।

 

ਵਕੀਲ ਏਪੀ ਸਿੰਘ ਨੇ ਕਿਹਾ - ਉਨ੍ਹਾਂ ਨੂੰ 2-3 ਦਿਨ ਦਾ ਸਮਾਂ ਹੋਰ ਮਿਲਣਾ ਚਾਹੀਦਾ ਸੀ
ਨਿਰਭਆ ਗੈਂਗਰੇਪ ਦੇ ਦੋਸ਼ੀਆਂ ਦੇ ਵਕੀਲ ਏ.ਪੀ. ਸਿੰਘ ਵੱਲੋਂ ਸੁਪਰੀਮ ਕੋਰਟ 'ਚ ਫਾਂਸੀ ਦੀ ਸਜ਼ਾ ਨੂੰ ਟਾਲਣ ਲਈ ਕੀਤੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਏ.ਪੀ. ਸਿੰਘ ਨੇ ਅਦਾਲਤ 'ਚ ਜੱਜ ਦੇ ਸਾਹਮਣੇ ਕਿਹਾ, "ਮੈਂ ਜਾਣਦਾ ਹਾਂ ਕਿ ਉਨ੍ਹਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਜਾਵੇਗਾ, ਪਰ ਦੋ-ਤਿੰਨ ਦਿਨ ਦਾ ਸਮਾਂ ਹੋਰ ਮਿਲ ਜਾਂਦਾ ਤਾਕਿ ਪਵਨ ਦਾ ਬਿਆਨ ਲਿਆ ਜਾ ਸਕਦਾ।"

 

ਚਾਰ ਵਾਰ ਜਾਰੀ ਹੋਏ ਡੈਥ ਵਾਰੰਟ :
ਅਦਾਲਤ ਨੇ ਬੀਤੀ 5 ਮਾਰਚ ਨੂੰ ਚਾਰ ਦੋਸ਼ੀਆਂ ਮੁਕੇਸ਼ ਕੁਮਾਰ ਸਿੰਘ, ਪਵਨ ਗੁਪਤਾ, ਵਿਨੇ ਅਤੇ ਅਕਸ਼ੇ ਕੁਮਾਰ ਵਿਰੁੱਧ ਚੌਥੀ ਵਾਰ ਨਵਾਂ ਮੌਤ ਦਾ ਵਾਰੰਟ ਜਾਰੀ ਕੀਤਾ ਸੀ।  ਇਸ ਤੋਂ ਪਹਿਲਾਂ ਅਦਾਲਤ ਵੱਲੋਂ 22 ਜਨਵਰੀ, 1 ਫ਼ਰਵਰੀ ਅਤੇ 3 ਮਾਰਚ ਨੂੰ ਵੀ ਤਿੰਨ ਡੈੱਥ–ਵਾਰੰਟ ਜਾਰੀ ਹੋ ਚੁੱਕੇ ਹਨ ਪਰ ਹਰ ਵਾਰ ਉਹ ਕਾਨੁੰਨੀ ਕਾਰਨਾਂ ਤੇ ਦੋਸ਼ੀਆਂ ਦੀਆਂ ਅਪੀਲਾਂ ਕਾਰਨ ਰੱਦ ਹੁੰਦੇ ਰਹੇ ਹਨ।

 

ਇਹ ਹੈ ਪੂਰਾ ਮਾਮਲਾ :
ਜ਼ਿਕਰਯੋਗ ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲ ਦੀ ਪੈਰਾ–ਮੈਡੀਕਲ ਵਿਦਿਆਰਥਣ ਨਾਲ ਛੇ ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ ਕੀਤੀਆਂ ਸਨ ਤੇ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਬਾਅਦ ’ਚ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ।

 

ਇਸ ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nirbhaya gets justice four convicts hanged in Tihar at five thirty in the morning