ਭਾਰਤ ਦੀ ਆਰਥਿਕ ਹਾਲਤ ਵਿੱਚ ਸੁਧਾਰ ਲਿਆਉਣ ਦੀਆਂ ਸ੍ਰੀਮਤੀ ਨਿਰਮਲਾ ਸੀਤਾਰਮਨ ਦੀਆਂ ਕੋਸ਼ਿਸ਼ਾਂ ਨੂੰ ਹਾਲੇ ਤੱਕ ਭਾਵੇਂ ਬੂਰ ਨਾ ਪਿਆ ਹੋਵੇ ਪਰ ਉਨ੍ਹਾਂ ਦੇ ਕੰਮ ਦੀ ਚਰਚਾ ਵਿਸ਼ਵ ਪੱਧਰ ਉੱਤੇ ਜ਼ਰੂਰ ਹੋ ਰਹੀ ਹੈ। ‘ਫ਼ੋਰਬਸ’ ਨੇ ਨਿਰਮਲਾ ਸੀਤਾਰਮਨ ਨੂੰ ਵਿਸ਼ਵ ਦੀਆਂ 100 ਸਭ ਤੋਂ ਵੱਧ ਤਾਕਤਵਰ ਔਰਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ।
ਇਸ ਸੂਚੀ ਵਿੱਚ HCL ਕਾਰਪੋਰੇਸ਼ਨ ਦੇ CEO ਰੌਸ਼ਨੀ ਨਡਾਰ ਮਲਹੋਤਰਾ ਤੇ ਬਾਇਓਕੌਨ ਦੇ ਬਾਨੀ ਕਿਰਨ ਮਜੂਮਮਾਰ ਦਾ ਨਾਂਅ ਵੀ ਸ਼ਾਮਲ ਹੈ। ਭਾਰਤ ਦੇ ਪਹਿਲੇ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਸੂਚੀ ਵਿੱਚ 34ਵੇਂ ਨੰਬਰ ਉੱਤੇ ਹਨ; ਜਦ ਕਿ ਰੌਸ਼ਨੀ ਨਡਾਰ ਮਲਹੋਤਰਾ ਦਾ ਨਾਂਅ 54ਵੇਂ ਨੰਬਰ ਉੱਤੇ ਹੈ ਤੇ ਕਿਰਨ ਮਜੂਮਦਾਰ 65ਵੇਂ ਸਥਾਨ ’ਤੇ ਹਨ।
ਸ੍ਰੀਮਤੀ ਨਿਰਮਲਾ ਸੀਤਾਰਮਨ ਉਂਝ ਤਾਂ ਭਾਰਤ ਦੇ ਪਹਿਲੇ ਮਹਿਲਾ ਵਿੱਤ ਮੰਤਰੀ ਹਨ; ਉਂਝ ਭਾਵੇਂ ਸ੍ਰੀਮਤੀ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹਿੰਦਿਆਂ ਕੁਝ ਸਮੇਂ ਲਈ ਆਪਣੇ ਕੋਲ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਰੱਖੀ ਸੀ। ਇਸ ਤੋਂ ਪਹਿਲਾਂ ਸ੍ਰੀਮਤੀ ਨਿਰਮਲਾ ਸੀਤਾਰਮਨ ਭਾਰਤ ਦੇ ਪਹਿਲੇ ਮਹਿਲਾ ਰੱਖਿਆ ਮੰਤਰੀ ਵੀ ਰਹਿ ਚੁੱਕੇ ਹਨ।
‘ਫ਼ੋਰਬਸ’ ਦੀ ਤਾਜ਼ਾ ਸੂਚੀ ਵਿੱਚ ਜਰਮਨੀ ਦੇ ਚਾਂਸਲਰ ਐਂਜੇਲਾ ਮਰਕੇਲ ਦਾ ਨਾਂਅ ਚੋਟੀ ’ਤੇ ਹੈ। ਉਹ ਪਿਛਲੇ 9 ਸਾਲਾਂ ਤੋਂ ਅੱਵਲ ਨੰਬਰ ਚੱਲ ਰਹੇ ਹਨ। ਦੂਜੇ ਨੰਬਰ ਉੱਤੇ ਯੂਰੋਪੀਅਨ ਸੈਂਟਰਲ ਬੈਂਕ ਦੇ ਪ੍ਰਧਾਨ ਕ੍ਰਿਸਟੀਨ ਲੇਗਾਰਡ ਹਨ। ਅਮਰੀਕੀ ਸੰਸਦ ਮੈਂਬਰ ਤੇ ਸਪੀਕਰ ਨੈਂਸੀ ਪੈਲੋਸੀ ਇਸ ਸੂਚੀ ਵਿੱਚ ਤੀਜੇ ਨੰਬਰ ’ਤੇ ਹਨ। ਗੁਆਂਢੀ ਦੇਸ਼ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਇਸ ਸੂਚੀ ਵਿੱਚ 29ਵੇਂ ਸਥਾਨ ’ਤੇ ਹਨ।
ਇਨ੍ਹਾਂ ਤੋਂ ਇਲਾਵਾ ਇਸ ਸੂਚੀ ਵਿੱਚ ਮਿਲਿੰਦਾ ਗੇਟਸ ਛੇਵੇਂ ਨੰਬਰ ’ਤੇ ਹਨ। ਆਈਬੀਐੱਮ ਦੇ ਸੀਈਓ ਗਿੰਨੀ ਰੋਮੇਟੀ 9ਵੇਂ, ਨਿਊ ਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੇਸਿੰਡਾ ਐਂਡ੍ਰੇਨ 38ਵੇਂ ਨਵੰਬਰ ’ਤੇ, ਡੋਨਾਲਡ ਟਰੰਪ ਦੀ ਧੀ ਇਵਾਂਕਾ 42ਵੇਂ ਸਥਾਨ ’ਤੇ, ਗਾਇਕਾ ਰਿਹਾਨਾ 61ਵੇਂ ਨੰਬਰ ਰ’ਤੇ, ਬਿਓਂਸ 66ਵੇਂ ਨੰਬਰ ’ਤੇ, ਟੇਲਰ ਸਵਿਫ਼ਟ 71ਵੇਂ ਨੰਬਰ ’ਤੇ, ਟੈਨਿਸ ਸਟਾਰ ਸੇਰੇਨਾ ਵਿਲੀਅਮਜ਼ 81ਵੇਂ ਨੰਬਰ ’ਤੇ ਅਤੇ ਕਲਾਈਮੇਟ ਐਕਟੀਵਿਸਟ ਗ੍ਰੇਟ ਥਨਬਰਗ 100ਵੇਂ ਨੰਬਰ ਉੱਤੇ ਹਨ।