ਅੱਜ ਦੁਪਹਿਰ ਜਾਂ ਸ਼ਾਮ ਤੱਕ ਚੱਕਰਵਾਤੀ ਤੂਫ਼ਾਨ ‘ਨਿਸਰਗ’ ਮਹਾਰਾਸ਼ਟਰ ਤੇ ਗੁਜਰਾਤ ਦੇ ਸਮੁੰਦਰੀ ਕੰਢਿਆਂ ਨਾਲ ਘੱਟੋ–ਘੱਟ 120 ਕਿਲੋਮੀਟਰ (KM) ਦੀ ਰਫ਼ਤਾਰ ਨਾਲ ਟਕਰਾਵੇਗਾ। ਭਾਰੀ ਤੂਫ਼ਾਨ ਹੋਵੇਗਾ ਤੇ ਸਮੁੰਦਰ ’ਚ ਉੱਚੀਆਂ ਲਹਿਰਾਂ ਉੱਠਣਗੀਆਂ।
ਅਨੁਮਾਨ ਹੈ ਕਿ ਮੁੰਬਈ ਨੂੰ ਆਪਣੇ ਇਤਿਹਾਸ ਵਿੱਚ ਪਹਿਲੀ ਵਾਰ ਇੰਨੇ ਭਾਰੀ ਤੂਫ਼ਾਨ ਤੇ ਭਾਰੀ ਮੀਂਹ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਪਹਿਲਾਂ 120 ਕਿਲੋਮੀਟਰ ਦੀ ਰਫ਼ਤਾਰ ਵਾਲਾ ਤੂਫ਼ਾਨ ਕਦੇ ਵੀ ਮੁੰਬਈ ਨਾਲ ਆ ਕੇ ਨਹੀਂ ਟਕਰਾਇਆ।
ਅੱਜ ਸ਼ਾਮ ਤੱਕ ਮੁੰਬਈ, ਪਾਲਘਰ, ਅਲੀਬਾਗ ਤੇ ਠਾਣੇ ਇਲਾਕਿਆਂ ਉੱਤੇ ਇਸ ਵੱਡੇ ਤੂਫ਼ਾਨ ਦਾ ਅਸਰ ਦਿਸੇਗਾ। ਤੂਫ਼ਾਨ ‘ਨਿਸਰਗ’ ਕਾਰਨ ਇੰਡੀਗੋ ਏਅਰਲਾਈਨਜ਼ ਨੇ ਤਿੰਨ ਉਡਾਣਾਂ ਨੂੰ ਛੱਡ ਕੇ ਅੱਜ ਮੁੰਬਈ ਤੋਂ ਆਪਣੀਆਂ ਆਉਣ–ਜਾਣ ਵਾਲੀਆਂ 17 ਉਡਾਣਾਂ ਰੱਦ ਕਰ ਦਿੱਤੀਆਂ ਹਨ।
‘ਨਿਸਰਗ’ ਦੇ ਅੱਜ ਰਾਏਗੜ੍ਹ ਦੇ ਅਲੀਬਾਗ਼ ਨਾਲ ਸਭ ਤੋਂ ਪਹਿਲਾਂ ਟਕਰਾਉਣ ਦੀ ਸੰਭਾਵਨਾ ਹੈ। ਅੱਜ ਬੁੱਧਵਾਰ ਨੂੰ ਮੁੰਬਈ, ਪਾਲਘਰ, ਠਾਣੇ ਤੇ ਰਾਏਗੜ੍ਹ ਜ਼ਿਲ੍ਹਿਆਂ ਤੇ ਉੱਤਰ–ਮੱਧ ਮਹਾਰਾਸ਼ਟਰ ’ਚ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ਅਨੁਮਾਨ ਹੈ। ਅੱਜ ਦੇ ਤੂਫ਼ਾਨ ਕਾਰਨ ਜੇ ਸਮੁੰਦਰ ’ਚ ਇੱਕ ਤੋਂ ਦੋ ਮੀਟਰ ਉੱਚੀਆਂ ਲਹਿਰਾਂ ਉੱਠੀਆਂ, ਤਾਂ ਮੁੰਬਈ, ਠਾਣੇ, ਪਾਲਘਰ ਤੇ ਰਾਏਗੜ੍ਹ ਦੇ ਨੀਂਵੇਂ ਇਲਾਕਿਆਂ ਵਿੱਚ ਪਾਣੀ ਭਰ ਸਕਦਾ ਹੈ।
ਇਸ ਤੂਫ਼ਾਨ ਦਾ ਅਸਰ ਸਿੰਧੂ ਦੁਰਗ, ਰਤਨਾਗਿਰੀ, ਰਾਏਗੜ੍ਹ, ਮੁੰਬਈ, ਪਾਲਘਰ ਤੋਂ ਹੁੰਦਿਆਂ ਦਮਨ ਤੇ ਗੁਜਰਾਤ ’ਚ ਨਵਸਾਰੀ ਤੱਕ ਇਸ ਦਾ ਭਿਆਨਕ ਅਸਰ ਹੋ ਸਕਦਾ ਹੈ। ਇਸ ਤੂਫ਼ਾਨ ਦੇ ਵਧਦੇ ਅਸਰ ਨੇ ਸਭ ਦੀਆਂ ਧੜਕਣਾਂ ਤੇਜ਼ ਕਰ ਦਿੱਤੀਆਂ ਹਨ। ਕੋਸਟ ਗਾਰਡ ਦੇ ਜਵਾਨਾਂ ਨੇ ਸਮੁੰਦਰ ਵਿੱਚ ਉੱਤਰਨ ਵਾਲਿਆਂ ਨੂੰ ਅਲਰਟ ਕਰਨਾ ਸ਼ੁਰੂ ਕਰ ਦਿੱਤਾ ਹੈ।
ਗੁਜਰਾਤ ਵਿੱਚ ਤਾਂ ‘ਨਿਸਰਗ’ ਦਾ ਟ੍ਰੇਲਰ ਦਿਸਣ ਲੱਗਾ ਹੈ। ਅਹਿਮਦਾਬਾਦ ਵਿੱਚ ਬੀਤੀ ਰਾਤ ਹੀ ਬਹੁਤ ਭਾਰੀ ਮੀਂਹ ਪਿਆ।