ਕੋਰੋਨਾ ਵਾਇਰਸ 'ਚ ਵੱਡੀ ਲਾਪਰਵਾਹੀ ਵਰਤਣ ਵਾਲੇ ਦਿੱਲੀ ਦੇ ਨਿਜ਼ਾਮੂਦੀਨ ਸਥਿੱਤ ਤਬਲੀਗੀ ਜ਼ਮਾਤ ਦੇ ਮਰਕਜ਼ 'ਚ ਆਏ 2041 'ਚੋਂ ਵਿਦੇਸ਼ੀ ਮੂਲ ਦੇ 265 ਲੋਕਾਂ ਨੂੰ ਦਿੱਲੀ 'ਚ 19 ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਗਿਆ ਹੈ। ਇਨ੍ਹਾਂ 'ਚੋਂ ਕੁਝ ਨੂੰ ਜਾਂਚ ਲਈ ਹਸਪਤਾਲ ਭੇਜਿਆ ਗਿਆ ਹੈ, ਜਦਕਿ ਕੁਝ ਨੂੰ ਕਵਾਰੰਟੀਨ ਸੈਂਟਰ ਭੇਜਿਆ ਗਿਆ ਹੈ। ਫੜੇ ਗਏ ਵਿਦੇਸ਼ੀ ਮੂਲ ਦੇ ਇਹ ਲੋਕ ਜ਼ਿਆਦਾਤਰ ਛੋਟੀ-ਵੱਡੀ ਮਸਜ਼ਿਦਾਂ 'ਚ ਸਨ ਜਾਂ ਫਿਰ ਆਪਣੇ ਕਿਸੇ ਜਾਣਕਾਰ ਰਾਹੀਂ ਕਮਰਾ ਲੈ ਕੇ ਰਹਿ ਰਹੇ ਸਨ।
ਦਿੱਲੀ ਦੇ ਇਨ੍ਹਾਂ ਇਲਾਕਿਆਂ ਤੋਂ ਕੀਤਾ ਕਾਬੂ :
ਦਿੱਲੀ ਪੁਲਿਸ ਨੇ ਮਰਕਜ਼ 'ਚ ਆਏ ਵਿਦੇਸ਼ੀਆਂ ਨੂੰ ਪੁਲ ਪ੍ਰਹਿਲਾਦਪੁਰ, ਮਾਲਵੀਆ ਨਗਰ, ਹੌਜ਼ਰਾਨੀ, ਤੁਰਕਮਨ ਗੇਟ, ਚਾਂਦਨੀ ਮਹਿਲ, ਵਜ਼ੀਰਾਬਾਦ, ਭਲਸਵਾ ਡੇਅਰੀ, ਸ਼ਾਸਤਰੀ ਪਾਰਕ ਅਤੇ ਵੈਲਕਮ ਇਲਾਕੇ ਤੋਂ ਕਾਬੂ ਕੀਤਾ ਹੈ। ਇਨ੍ਹਾਂ ਵਿਦੇਸ਼ੀ ਲੋਕਾਂ ਨੂੰ ਪੁਲਿਸ ਨੇ ਪੁਲ ਪ੍ਰਹਿਲਾਦਪੁਰ 'ਚ ਦੋ ਥਾਵਾਂ, ਚਾਂਦਨੀ ਮਹਿਲ 'ਚ ਚਾਰ ਥਾਵਾਂ, ਸ਼ਾਸਤਰੀ ਪਾਰਕ 'ਚ ਦੋ ਥਾਵਾਂ ਅਤੇ ਵੈਲਕਮ 'ਚ ਤਿੰਨ ਥਾਵਾਂ ਤੋਂ ਬਰਾਮਦ ਕੀਤਾ ਹੈ।
ਵਿਦੇਸ਼ੀਆਂ ਨਾਲ 18 ਭਾਰਤੀ ਵੀ ਸਨ :
ਪੁਲਿਸ ਅਨੁਸਾਰ ਭਲਸਵਾ ਡੇਅਰੀ, ਚਾਂਦਨੀ ਮਹਿਲ, ਤੁਰਕਮਨ ਗੇਟ, ਵਜ਼ੀਰਾਬਾਦ ਤੇ ਪੁਲ ਪ੍ਰਹਿਲਾਦਪੁਰ ਤੋਂ 18 ਭਾਰਤੀਆਂ ਨੂੰ ਵੀ ਇਨ੍ਹਾਂ ਵਿਦੇਸ਼ੀ ਲੋਕਾਂ ਨਾਲ ਕਾਬੂ ਕੀਤਾ ਗਿਆ ਹੈ। ਇਨ੍ਹਾਂ 'ਚ 9 ਔਰਤਾਂ ਵੀ ਸ਼ਾਮਲ ਹਨ। ਇਹ ਸਾਰੇ ਮਰਕਜ਼ 'ਚ ਆਏ ਸਨ। ਹਾਲਾਂਕਿ ਔਰਤਾਂ 'ਚੋਂ ਕਿੰਨੀਆਂ ਭਾਰਤੀ ਹਨ, ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ।
ਹਸਪਤਾਲ ਭੇਜਿਆ ਜਾ ਰਿਹੈ :
ਜਾਂਚ 'ਚ ਜੁਟੀ ਕ੍ਰਾਈਮ ਬ੍ਰਾਂਚ ਨੇ ਦੇਸ਼ ਦੇ ਲਗਭਗ ਸਾਰੇ ਸੂਬਿਆਂ ਦੀ ਪੁਲਿਸ ਨਾਲ ਇਹ ਅੰਕੜੇ ਸਾਂਝੇ ਕੀਤੇ ਹਨ। ਦੂਜੇ ਪਾਸੇ, ਤਬਲੀਗੀ ਜ਼ਮਾਤ ਦੇ ਮਰਕਜ਼ ਦੇਸ਼ 'ਚ ਜਿੱਥੇ ਵੀ ਹਨ, ਉੱਥੇ ਛਾਪੇਮਾਰੀ ਕਰਕੇ ਇਨ੍ਹਾਂ ਵਿਦੇਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਨ੍ਹਾਂ 'ਚੋਂ ਜੋ ਮਿਲ ਰਹੇ, ਉਨ੍ਹਾਂ ਨੂੰ ਕਵਾਰੰਟੀਨ ਸੈਂਟਰ ਅਤੇ ਕੋਰੋਨਾ ਦੇ ਲੱਛਣ ਮਿਲਣ 'ਤੇ ਹਸਪਤਾਲ ਭੇਜਿਆ ਜਾ ਰਿਹਾ ਹੈ।
ਤਿੰਨ ਦਿਨ ਦਾ ਪ੍ਰੋਗਰਾਮ ਸੀ :
ਮਰਕਜ਼ 'ਚ 15, 16 ਤੇ 17 ਮਾਰਚ ਨੂੰ ਦੱਖਣ ਭਾਰਤੀ ਸੂਬਿਆਂ ਦਾ ਇੱਕ ਵੱਡਾ ਧਾਰਮਿਕ ਜੋੜ (ਜਲਸਾ) ਆਯੋਜਿਤ ਕੀਤਾ ਗਿਆ ਸੀ। ਇਸ 'ਚ ਦੱਖਣ ਭਾਰਤ ਦੇ ਸੂਬਿਆਂ ਤੋਂ ਇਲਾਵਾ ਉੱਤਰ ਭਾਰਤ ਦੇ 20 ਹੋਰ ਸੂਬਿਆਂ ਦੇ ਨਾਲ-ਨਾਲ ਵਿਦੇਸ਼ਾਂ ਤੋਂ ਆਏ ਲੋਕ ਵੀ ਸ਼ਾਮਿਲ ਹੋਏ ਸਨ। ਇਸ ਦੌਰਾਨ ਦੀ ਕੁਝ ਬਾਹਰੀ ਰਾਹੀਂ ਲਾਗ ਫੈਲਿਆ, ਜਿਸ ਨੇ ਹੌਲੀ-ਹੌਲੀ ਗੰਭੀਰ ਰੂਪ ਧਾਰ ਲਿਆ।