ਕੋਰੋਨਾ ਵਾਇਰਸ ਨਾਲ ਨਜਿੱਠਣ ਵਿੱਚ ਪਲਾਜ਼ਮਾ ਥੈਰੇਪੀ ਨੂੰ ਉਮੀਦ ਦੀ ਕਿਰਣ ਵਜੋਂ ਵੇਖਿਆ ਜਾ ਰਿਹਾ ਹੈ। ਦਿੱਲੀ ਸਮੇਤ ਕੁਝ ਰਾਜਾਂ ਨੇ ਮਰੀਜ਼ਾਂ ਨੂੰ ਇਹ ਥੈਰੇਪੀ ਦੇਣਾ ਸ਼ੁਰੂ ਵੀ ਕਰ ਦਿੱਤਾ ਹੈ। ਪਰ ਇਸ ਦੌਰਾਨ, ਕੇਂਦਰ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਅਜੇ ਤੱਕ ਇਸ ਥੈਰੇਪੀ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਮਨਜ਼ੂਰੀ ਨਹੀਂ ਦਿੱਤੀ ਹੈ। ਇਹ ਸਿਰਫ਼ ਇੱਕ ਟਰਾਇਲ ਅਤੇ ਰਿਸਰਚ ਵਜੋਂ ਅਜਮਾਇਆ ਜਾ ਸਕਦਾ ਹੈ। ਦਿਸ਼ਾ ਨਿਰਦੇਸ਼ਾਂ ਦੀ ਸਹੀ ਪਾਲਣਾ ਨਾ ਹੋਣ ਉੱਤੇ ਇਹ ਖ਼ਤਰਨਾਕ ਵੀ ਹੋ ਸਕਦਾ ਹੈ।
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਇਲਾਜ ਲਈ ਫਿਲਹਾਲ ਵਿਸ਼ਵ ਵਿੱਚ ਕੋਈ ਮਨਜ਼ੂਰੀ ਇਲਾਜ ਨਹੀਂ, ਪਲਾਜ਼ਮਾ ਥੈਰੇਪੀ ਵੀ ਨਹੀਂ। ਇਹ ਵੀ ਅਜੇ ਤਜ਼ਰਬੇ ਦੇ ਪੜਾਅ 'ਤੇ ਹੈ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਨੂੰ ਇਲਾਜ ਵਜੋਂ ਵਰਤਿਆ ਜਾ ਸਕਦਾ ਹੈ। ਇਥੋਂ ਤੱਕ ਕਿ ਅਮਰੀਕਾ ਵਿੱਚ ਵੀ ਇਸ ਨੂੰ ਇਕ ਤਜਰਬੇ ਵਜੋਂ ਲਿਆ ਗਿਆ ਹੈ।
ਪਲਾਜ਼ਮਾ ਥੈਰੇਪੀ ਕੀ ਹੈ?
ਪਲਾਜ਼ਮਾ ਥੈਰੇਪੀ ਇਕ ਕਾਫ਼ੀ ਪੁਰਾਣੀ ਤਕਨੀਕ ਹੈ। ਪਿਛਲੀ ਸਦੀ ਵਿੱਚ ਜਦੋਂ ਸਪੈਨਿਸ਼ ਫਲੂ ਫੈਲਿਆ, ਤਾਂ ਇਸ ਦੀ ਵਰਤੋਂ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਈ। ਇਸ ਥੈਰੇਪੀ ਤਹਿਤ ਪਲਾਜ਼ਮਾ ਰੋਗੀਆਂ ਦੇ ਲਹੂ ਤੋਂ ਲਿਆ ਜਾਂਦਾ ਹੈ ਅਤੇ ਬਿਮਾਰ ਲੋਕਾਂ ਨੂੰ ਦਿੱਤਾ ਜਾਂਦਾ ਹੈ। ਠੀਕ ਹੋਏ ਮਰੀਜ਼ਾਂ ਦੇ ਐਂਟੀਬਾਡੀਜ਼ ਬਿਮਾਰ ਲੋਕਾਂ ਨੂੰ ਠੀਕ ਕਰਨ ਵਿੱਚ ਸਹਾਇਤਾ ਕਰਦੇ ਹਨ। ਇਸ ਨਾਲ ਮਰੀਜ਼ ਦੇ ਸਰੀਰ ਵਿੱਚ ਵਾਇਰਸ ਕਮਜ਼ੋਰ ਹੋ ਜਾਂਦਾ ਹੈ।
ਦਿੱਲੀ ਸਣੇ ਕਈ ਰਾਜਾਂ ਦੇ ਮਰੀਜ਼ਾਂ ਨੂੰ ਪਲਾਜ਼ਮਾ ਥੈਰੇਪੀ
ਦੇਸ਼ ਵਿੱਚ ਪਹਿਲੀ ਵਾਰ ਦਿੱਲੀ ਵਿੱਚ ਕੁਝ ਮਰੀਜ਼ਾਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਗਈ ਹੈ। ਇਸ ਤੋਂ ਬਾਅਦ ਯੂਪੀ ਵਿੱਚ ਵੀ ਇਸ ਦੀ ਕੋਸ਼ਿਸ਼ ਕੀਤੀ ਗਈ। ਕਈ ਰਾਜ ਇਸ ਥੈਰੇਪੀ ਰਾਹੀਂ ਇਲਾਜ ਦੀ ਕੋਸ਼ਿਸ਼ ਵਿੱਚ ਲੱਗੇ ਹਨ।