ਅੱਜ ਦੇਸ਼ ਭਰ 'ਚ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਰਾਜਪਥ ’ਤੇ ਤਿਰੰਗਾ ਝੰਡਾ ਲਹਿਰਾਇਆ ਅਤੇ ਪਰੇਡ ਦੀ ਸਲਾਮੀ ਲਈ। ਉੱਧਰ ਅੰਮ੍ਰਿਤਸਰ ਦੇ ਵਾਹਗਾ ਅਤੇ ਅਟਾਰੀ ਸਰਹੱਦ 'ਤੇ ਵੀ ਬੀ.ਐਸ.ਐਫ. ਵੱਲੋਂ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ।
ਸਰਹੱਦ 'ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਬੀ.ਐਸ.ਐਫ. ਦੀ ਟੁਕੜੀ ਨੇ ਤਿਰੰਗੇ ਨੂੰ ਸਲਾਮੀ ਦਿੱਤੀ। ਇਸ ਮੌਕੇ ਕਮਾਡੈਂਟ ਵਲੋਂ ਜਵਾਨਾਂ ਨੂੰ ਮਠਿਆਈ ਵੰਡੀ ਗਈ ਤੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ।
ਉੱਧਰ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਉਣ ਅਤੇ ਵਿਸ਼ਵ ਪੱਧਰੀ ਮੰਚਾਂ 'ਤੇ ਪਾਕਿਸਤਾਨ ਦਾ ਬਾਈਕਾਟ ਹੋਣ ਕਾਰਨ ਭਾਰਤ-ਪਾਕਿ ਵਿਚਕਾਰ ਤਕਰਾਰਬਾਜ਼ੀ ਜਾਰੀ ਹੈ, ਜਿਸ ਦੀ ਉਦਾਹਰਣ ਇੱਕ ਵਾਰ ਫਿਰ ਸਰਹੱਦ 'ਤੇ ਵੇਖਣ ਨੂੰ ਮਿਲੀ। ਅੱਜ ਦੋਹਾਂ ਦੇਸ਼ਾਂ ਵਿਚਕਾਰ ਮਠਿਆਈਆਂ ਦਾ ਆਦਾਨ-ਪ੍ਰਦਾਨ ਨਹੀਂ ਕੀਤਾ ਗਿਆ। ਅਟਾਰੀ-ਵਾਹਗਾ ਸਰਹੱਦ 'ਤੇ ਬੀਐਸਐਪ ਅਤੇ ਪਾਕਿਸਤਾਨੀ ਰੇਂਜਰਾਂ ਨੇ ਇੱਕ-ਦੂਜੇ ਨੂੰ ਮਠਿਆਈ ਨਹੀਂ ਦਿੱਤੀ।
ਗਣਤੰਤਰ ਦਿਵਸ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਅਟਾਰੀ ਬਾਰਡਰ 'ਤੇ ਪਹੁੰਚੇ ਅਤੇ ਰਿਟ੍ਰੀਟ ਸੈਰੇਮਨੀ 'ਚ ਹਾਜ਼ਰੀ ਲਗਾਵਈ। ਸ਼ਾਮ 5 ਵਜੇ ਰਿਟ੍ਰੀਟ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉੱਤੇ ਜਵਾਨਾਂ ਅਤੇ ਅਧਿਕਾਰੀਆਂ ਨੇ ਦੇਸ਼ ਪ੍ਰੇਮ ਦੇ ਗੀਤਾਂ ਅਤੇ ਢੋਲ ਦੀ ਥਾਪ ਉੱਤੇ ਖ਼ੂਬ ਭੰਗੜਾ ਪਾਇਆ।
ਇਸ ਤੋਂ ਇਲਾਵਾ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਵੀ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਸਰਹੱਦ ਉੱਤੇ ਸੁਰੱਖਿਆ ਦੇ ਕਾਫ਼ੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਬੀਤੇ ਸਾਲ 15 ਅਗੱਸਤ ਨੂੰ ਵੀ ਪਾਕਿਸਤਾਨੀ ਫੌਜ ਨੇ ਮਠਿਆਈ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਈਦ ਮੌਕੇ ਵੀ ਭਾਰਤ ਨੂੰ ਮਠਿਆਈ ਨਹੀਂ ਦਿੱਤੀ ਸੀ।