ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੱਤ ਦਿਨਾਂ ਤੋਂ ਐੱਲਜੀ ਹਾਊਸ ਚ ਧਰਨੇ ਤੇ ਬੈਠੇ ਹਨ. ਇਸੇ ਵਿਚਾਲੇ ਆਈਏਐੱਸ ਐਸੋਸੀਏਸ਼ਨ ਨੇ ਪ੍ਰੈੱਸ ਕਾਨਫਰੰਸ ਕਰਕੇ ਸਪਸ਼ਟ ਕੀਤਾ ਹੈ ਕਿ ਸਾਡੀ ਕੋਈ ਹੜਤਾਲ ਨਹੀਂ ਹੈ. ਜੋ ਵੀ ਇਹ ਕਹਿ ਰਿਹਾ ਹੈ ਕਿ ਦਿੱਲੀ ਦੇ ਆਈਏਐੱਸ ਅਫਸਰ ਕੰਮ ਨਹੀਂ ਕਰ ਰਹੇ ,ਉਹ ਸਾਡੇ ਬਾਰੇ ਅਫਵਾਹਾਂ ਫੈਲਾ ਰਿਹਾ ਹੈ. ਆਈਏਐੱਸ ਐਸੋਸੀਏਸ਼ਨ ਦੀ ਤਰਫੋਂ ਮਨੀਸ਼ਾ ਸਕਸੈਨਾ ਨੇ ਕਿਹਾ ਕਿ ਅਸੀਂ ਸਾਰੀਆਂ ਮੀਟਿੰਗਾਂ ਚ ਹਿੱਸਾ ਲੈ ਰਹੇ ਹਾਂ, ਹਰ ਤਰਾਂ ਦੇ ਕੰਮ ਕੀਤੇ ਜਾ ਰਹੇ ਹਨ. ਸਿਰਫ ਇਨ੍ਹਾਂ ਹੀ ਨਹੀਂ ਕਈ ਵਾਰ ਅਸੀਂ ਛੁੱਟੀਆਂ ਚ ਵੀ ਕੰਮ ਕਰ ਰਹੇ ਹਾਂ.
ਉਨ੍ਹਾਂ ਨੇ ਕਿਹਾ ਕਿ ਸਾਡਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ. ਸਾਡਾ ਕਿਸੇ ਸਿਆਸੀ ਪਾਰਟੀ ਨਾਲ ਵੀ ਕੋਈ ਸਬੰਧ ਨਹੀਂ ਹੈ. ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਤਿੰਨ ਮੰਤਰੀਆਂ ਨਾਲ ਸੱਤ ਦਿਨਾਂ ਤੋਂ ਐੱਲਜੀ ਹਾਊਸ 'ਤੇ ਬੈਠੇ ਹਨ. ਐੱਲਜੀ ਉਨ੍ਹਾਂ ਨੂੰ ਮਿਲਣ ਲਈ ਸਮਾਂ ਨਹੀਂ ਦੇ ਰਹੇ. ਇਸ ਦੌਰਾਨ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਲਿਖਿਆ. ਉਨ੍ਹਾਂ ਨੇ ਲਿਖਿਆ ਕਿ "ਆਈਏਐੱਸ ਹੜਤਾਲ ਕਾਰਨ ਬਹੁਤ ਸਾਰੀਆਂ ਸਰਗਰਮੀਆਂ ਪ੍ਰਭਾਵਿਤ ਹੋ ਰਹੀਆਂ ਹਨ. ਕਿਉਂਕਿ ਲੈਫਟੀਨੈਂਟ ਗਵਰਨਰ ਆਈਏਐੱਸ ਅਫਸਰ ਦੀ ਹੜਤਾਲ ਖਤਮ ਕਰਨ ਲਈ ਕੁਝ ਵੀ ਨਹੀਂ ਕਰ ਰਹੇ. ਦਿੱਲੀ ਸਰਕਾਰ ਅਤੇ ਦਿੱਲੀ ਦੇ ਲੋਕ ਤੁਹਾਡੇ ਅੱਗੇ ਹੱਥ ਜੋੜਦੇ ਹਨ ਕਿ ਤੁਸੀਂ ਹੜਤਾਲ ਨੂੰ ਰੋਕੋ ਤਾਂ ਜੋ ਦਿੱਲੀ ਚ ਕੰਮ ਮੁੜ ਸ਼ੁਰੂ ਕੀਤਾ ਜਾ ਸਕੇ.
ਉਨ੍ਹਾਂ ਨੇ ਕਿਹਾ ਕਿ ਨਾਲਿਆਂ ਦੀ ਸਫਾਈ ਮਾਨਸੂਨ ਤੋਂ ਪਹਿਲਾਂ ਸ਼ੁਰੂ ਹੋਣੀ ਚਾਹੀਦੀ ਹੈ. ਪਰ ਅਧਿਕਾਰੀ ਮੀਟਿੰਗਾਂ ਚ ਸ਼ਾਮਲ ਨਹੀਂ ਹੋ ਰਹੇ, ਜੋ ਕੰਮ ਨੂੰ ਪ੍ਰਭਾਵਤ ਕਰ ਰਿਹਾ ਹੈ. ਹੜਤਾਲ ਦੇ ਕਾਰਨ ਨਵੇਂ ਮੁਹੱਲਾ ਕਲੀਨਿਕ ਅਤੇ ਪੌਲੀ ਕਲੀਨਿਕ ਖੋਲ੍ਹਣ ਦਾ ਕੰਮ ਬੰਦ ਹੋ ਗਿਆ ਹੈ.