ਰਾਜਸਥਾਨ `ਚ ਜ਼ੀਕਾ ਵਾਇਰਸ ਪੀੜਤ ਮਾਮਲਿਆਂ ਦੀ ਗਿਣਤੀ ਵਧਕੇ 29 ਹੋ ਗਈ ਹੈ। ਰਾਜਸਥਾਨ ਦੇ ਵਧੀਕ ਮੁੱਖ ਸਕੱਤਰ (ਸਿਹਤ) ਵੀਨੂ ਗੁਪਤਾ ਨੇ ਇਹ ਜਾਣਕਾਰੀ ਦਿੱਤੀ। ਉਧਰ, ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਕਿਹਾ ਕਿ ਜੈਪੁਰ `ਚ ਜ਼ੀਕਾ ਵਾਇਰਸ ਸਬੰਧੀ ਮਾਮਲਿਆਂ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਹੈ।
ਜ਼ੀਕਾ ਵਾਇਰਸ ਦੇ ਮਾਮਲਿਆਂ `ਤੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਕਿਹਾ ਕਿ ਸਾਡੀ ਨਿਗਰਾਨ ਪ੍ਰਣਾਲੀ ਮਜਬੂਤ ਹੈ, ਇਸ ਲਈ ਅਜਿਹੇ ਸਾਰੇ ਕੇਸ ਫੜ੍ਹੇ ਜਾਂਦੇ ਹਨ। ਅਸੀਂ ਸਟੈਂਡਰਡ ਪ੍ਰੋਟੋਕਾਲ ਦੀ ਵਰਤੋਂ ਕਰ ਰਹੇ ਹਾਂ। ਆਈਸੀਐਮਆਰ, ਐਨਸੀਡੀਸੀ ਅਤੇ ਡੀਜੀਐਚਐਸ ਦੀ ਇਨ੍ਹਾਂ `ਤੇ ਨਜ਼ਰ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਇਹ ਸਭ ਕੁਝ ਕਾਬੂ `ਚ ਹੈ, ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਪੀਐਮਓ ਨੇ ਸਿਹਤ ਮੰਤਰਾਲੇ ਤੋਂ ਮੰਗੀ ਰਿਪੋਰਟ
ਪ੍ਰਧਾਨ ਮੰਤਰੀ ਦਫ਼ਤਰ ਨੇ ਜੈਪੁਰ `ਚ 22 ਲੋਕਾਂ ਦੇ ਜ਼ੀਕਾ ਵਿਸ਼ਾਣੂ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਣ ਬਾਅਦ ਇਸ ਦੇ ਪ੍ਰਸਾਰ `ਤੇ ਸਿਹਤ ਮੰਤਰਾਲੇ ਤੋਂ ਇਕ ਵਿਆਪਕ ਰਿਪੋਰਟ ਮੰਗੀ ਹੈ। ਰਾਜਸਥਾਨ ਦੇ ਜੈਪੁਰ `ਚ ਇਸ ਵਾਇਰਸ ਨਾਲ ਪੀੜਤ ਹੋਏ ਲੋਕਾਂ `ਚ ਇਕ ਵਿਅਕਤੀ ਬਿਹਾਰ ਦਾ ਵਾਸੀ ਹੈ ਅਤੇ ਉਹ ਹੁਣੇ ਹੀ ਸੀਵਾਨ ਜਿ਼ਲ੍ਹੇ ਸਥਿਤ ਆਪਣੇ ਘਰ ਗਿਆ ਸੀ।
ਬਿਹਾਰ ਨੇ ਜਾਰੀ ਕੀਤੀ ਐਡਵਾਇਜਰੀ
ਬਿਹਾਰ ਨੇ ਆਪਣੇ ਸਾਰੇ 38 ਜਿ਼ਲ੍ਹਿਆਂ `ਚ ਉਨ੍ਹਾਂ ਲੋਕਾਂ `ਤੇ ਕਰੀਬੀ ਨਜ਼ਰ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ, ਜਿਨ੍ਹਾਂ `ਚ ਜੀਕਾ ਵਾਇਰਸ ਦੇ ਪੀੜਤ ਵਰਗੇ ਲੱਛਣ ਦਿਖਾਈ ਦੇ ਰਹੇ ਹਨ।
ਕੇਂਦਰੀ ਸਿਹਤ ਮੰਤਰਾਲੇ ਨੇ ਨੈਸ਼ਨਲ ਸੈਂਟਰ ਫਾਰ ਡਿਜੀਜ ਕੰਟਰੋਲ `ਚ ਕੰਟਰੋਲ ਰੂਮ ਬਣਾ ਦਿੱਤਾ ਹੈ, ਜਿੱਥੇ ਜੀਕਾ ਮਾਮਲੇ ਦੀ ਪਲ-ਪਲ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਸਿਹਤ ਮੰਤਰਾਲੇ ਮੁਤਾਬਕ, ਸੱਤ ਮੈਂਬਰੀ ਕੇਂਦਰੀ ਟੀਮ ਸੂਬਾ ਸਰਕਾਰ ਦੀ ਮਦਦ ਲਈ ਰਾਜਸਥਾਨ `ਚ ਮੌਜੂਦ ਹੈ। ਸਿਹਤ ਸਕੱਤਰ ਪ੍ਰੀਤੀ ਸੂਦਰ ਰੋਜਾਨਾ ਮਾਮਲਿਆਂ ਦੀ ਸਮੀਖਿਆ ਕਰ ਰਹੀ ਹੈ।
ਜਿਨ੍ਹਾਂ ਥਾਵਾਂ `ਚ ਜੀਕਾ ਵਾਇਰਸ ਦੇ ਕੇਸ ਮਿਲੇ ਹਨ, ਉਥੇ ਹੋਰ ਲੋਕਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ ਅਤੇ ਮੱਛਰਾਂ `ਚ ਵੀ ਜੀਕਾ ਵਾਇਰਸ ਦੀ ਜਾਂਚ ਕੀਤੀ ਜਾ ਰਹੀ ਹੈ। ਬਿਆਨ `ਚ ਕਿਹਾ ਗਿਆ ਹੈ ਕਿ ਸੂਬੇ ਦੀ ਵਾਇਰਲ ਰਿਸਰਚ ਐਂਡ ਡਾਈਗਨੋਸਿਟਕ ਲੈਬੋਰੇਟਰੀ ਨੂੰ ਵਾਧੂ ਜਾਂਚ ਕਿੱਟ ਮੁਹੱਈਆ ਕਰਵਾ ਦਿੱਤੀ ਗਈ ਹੈ। ਖੇਤਰ ਦੀਆਂ ਸਾਰੀਆਂ ਗਰਭਵਤੀ ਮਹਿਲਾਵਾਂ ਦੀ ਮਨੀਟਰਿੰਗ ਕੀਤੀ ਜਾ ਰਹੀ ਹੈ।