ਲੌਕਡਾਊਨ ਦੌਰਾਨ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਸੂਬੇ ਤਕ ਪਹੁੰਚਾਉਣ ਲਈ ਚਲਾਈਆਂ ਜਾ ਰਹੀਆਂ ਰੇਲ ਗੱਡੀਆਂ ਦੇ ਮਾਮਲੇ 'ਤੇ ਹੁਣ ਭਾਰਤੀ ਰੇਲਵੇ ਨੇ ਸਪੱਸ਼ਟੀਕਰਨ ਦਿੱਤਾ ਹੈ। ਰੇਲਵੇ ਨੇ ਕਿਹਾ ਹੈ ਕਿ ਉਹ ਪ੍ਰਵਾਸੀ ਮਜ਼ਦੂਰਾਂ ਨੂੰ ਕੋਈ ਟਿਕਟ ਨਹੀਂ ਵੇਚ ਰਹੇ ਹਨ। ਉੱਥੇ ਹੀ ਰੇਲਵੇ ਸੂਬਾ ਸਰਕਾਰਾਂ ਤੋਂ ਇਸ ਸ਼੍ਰੇਣੀ ਲਈ ਸਿਰਫ਼ ਮਿਆਰੀ ਕਿਰਾਇਆ ਲੈ ਰਹੀ ਹੈ, ਜੋ ਕੁੱਲ ਲਾਗਤ ਦਾ ਸਿਰਫ਼ 15% ਹੈ।
ਰੇਲਵੇ ਮੰਤਰਾਲੇ ਦੇ ਸੂਤਰਾਂ ਨੇ ਨਿਊਜ਼ ਏਜੰਸੀ ਏ.ਐਨ.ਆਈ ਨੂੰ ਦੱਸਿਆ ਕਿ ਭਾਰਤੀ ਰੇਲਵੇ ਪ੍ਰਵਾਸੀ ਮਜ਼ਦੂਰਾਂ ਲਈ ਵਿਸ਼ੇਸ਼ ਰੇਲ ਗੱਡੀ ਚਲਾ ਰਹੀ ਹੈ। ਇਨ੍ਹਾਂ 'ਚ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਰੇਲ ਗੱਡੀਆਂ ਮਜ਼ਦੂਰਾਂ ਨੂੰ ਉਨ੍ਹਾਂ ਦੀ ਮੰਜ਼ਿਲ 'ਤੇ ਛੱਡ ਕੇ ਖਾਲੀ ਵਾਪਸ ਆ ਰਹੀਆਂ ਹਨ। ਵਾਪਸੀ ਦੌਰਾਨ ਰੇਲ ਗੱਡੀਆਂ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਜਾਂਦਾ ਹੈ। ਰੇਲਵੇ ਨੇ ਦੱਸਿਆ ਕਿ ਰੇਲਵੇ ਵੱਲੋਂ ਮਜ਼ਦੂਰਾਂ ਨੂੰ ਮੁਫ਼ਤ ਭੋਜਨ ਤੇ ਪਾਣੀ ਦੀਆਂ ਬੋਤਲਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾਂ ਮੁੰਬਈ 'ਚ ਫਸੇ ਉੱਤਰ ਪ੍ਰਦੇਸ਼ ਦੇ ਮਜ਼ਦੂਰਾਂ ਨੂੰ ਲੈ ਕੇ ਦੂਜੀ ਰੇਲ ਗੱਡੀ ਸੋਮਵਾਰ ਸਵੇਰੇ ਲਖਨਊ ਪਹੁੰਚੀ। ਇਨ੍ਹਾਂ ਮਜ਼ਦੂਰਾਂ ਨੂੰ ਘਰ ਤਕ ਪਹੁੰਚਾਉਣ ਲਈ ਸਰਕਾਰ ਵੱਲੋਂ ਮੁਫ਼ਤ ਬੱਸਾਂ ਮੁਹੱਈਆ ਕਰਵਾਈਆਂ ਗਈਆਂ ਹਨ। ਨਾਗਪੁਰ ਤੋਂ 977 ਯਾਤਰੀ ਰੇਲ ਗੱਡੀ 'ਚ ਆਏ। ਇਹ ਯਾਤਰੀ ਯੂਪੀ ਦੇ ਵੱਖ-ਵੱਖ 36 ਜ਼ਿਲ੍ਹਿਆਂ ਦੇ ਹਨ। ਟਰਾਂਸਪੋਰਟ ਕਾਰਪੋਰੇਸ਼ਨ ਦੀਆਂ 45 ਬੱਸਾਂ ਅਜਿਹੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਣ ਲਈ ਭੇਜੀਆਂ ਗਈਆਂ ਹਨ। ਬੱਸਾਂ ਦੀ ਨਗਰ ਨਿਗਮ ਵੱਲੋਂ ਸੈਨੇਟਾਈਜ਼ ਕੀਤਾ ਗਿਆ ਸੀ।
ਕਰਮਚਾਰੀ ਰਜਨੀਸ਼ ਮਿਸ਼ਰਾ ਨੇ ਕਿਹਾ ਕਿ ਸਮਾਜਿਕ ਦੂਰੀ ਦਾ ਖਿਆਲ ਰੱਖਦਿਆਂ ਹਰ ਬੱਸ 'ਚ ਸਿਰਫ਼ 28 ਲੋਕਾਂ ਨੂੰ ਬਿਠਾਇਆ ਗਿਆ ਹੈ। ਬੱਸਾਂ ਦੇ ਰਵਾਨਾ ਹੋਣ ਤੋਂ ਪਹਿਲਾਂ ਡਰਾਈਵਰਾਂ ਨੂੰ ਸੇਫਟੀ ਕਿੱਟਾਂ ਦਿੱਤੀਆਂ ਗਈਆਂ ਸਨ।
ਇਸੇ ਤਰ੍ਹਾਂ ਰਾਜਸਥਾਨ ਦੇ ਕੋਟਾ 'ਚ ਫਸੇ ਝਾਰਖੰਡ ਦੇ ਵਿਦਿਆਰਥੀਆਂ ਨੂੰ ਲੈ ਕੇ ਇੱਕ ਵਿਸ਼ੇਸ਼ ਰੇਲ ਗੱਡੀ ਐਤਵਾਰ ਸ਼ਾਮ ਕਰੀਬ 4 ਵਜੇ ਝਾਰਖੰਡ ਦੇ ਧਨਬਾਦ ਸਟੇਸ਼ਨ ਪਹੁੰਚੀ। ਰੇਲਗੱਡੀ ਰਾਹੀਂ 10 ਜ਼ਿਲ੍ਹਿਆਂ ਦੇ 954 ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰ ਧਨਬਾਦ, ਬੋਕਾਰੋ ਤੇ ਗਿਰਡੀਹ ਪਹੁੰਚੇ। ਸਟੇਸ਼ਨ 'ਤੇ ਯਾਤਰੀਆਂ ਦੀ ਸਿਹਤ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਬੱਸਾਂ ਰਾਹੀਂ ਘਰ ਭੇਜਿਆ ਗਿਆ।