ਨੋਇਡਾ ਦੇ ਸ਼੍ਰੀਰਾਮ ਮਿਲਨੀਅਮ ਸਕੂਲ ਨੇ ਮੰਗਲਵਾਰ ਨੂੰ ਸਾਲਾਨਾ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਕੋਰੋਨਾ ਵਿਸ਼ਾਣੂ COVID-19 ਦੀ ਸੋਮਵਾਰ ਨੂੰ ਇਸ ਸਕੂਲ ਦੇ ਇੱਕ ਵਿਦਿਆਰਥੀ ਦੇ ਪਿਤਾ ਵਿੱਚ ਪੁਸ਼ਟੀ ਹੋਈ ਸੀ।
ਸਕੂਲ ਦੇ ਸੀਨੀਅਰ ਅਧਿਕਾਰੀ ਨੇ ਆਈਏਐਨਐਸ ਨੂੰ ਦੱਸਿਆ ਕਿ ਸਾਡੇ ਇੱਕ ਸਕੂਲ ਦੇ ਵਿਦਿਆਰਥੀ ਦੇ ਪਿਤਾ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ, ਇਸ ਲਈ ਅਸੀਂ ਸਾਰੇ ਬਚਾਅ ਲਈ ਉਪਾਅ ਕਰ ਰਹੇ ਹਾਂ ਅਤੇ ਸਥਿਤੀ ਨੂੰ ਕੰਟਰੋਲ ਕਰਨ ਲਈ ਸਿਹਤ ਮੰਤਰਾਲੇ ਦੇ ਸੰਪਰਕ ਵਿੱਚ ਹਾਂ।
ਤੁਹਾਨੂੰ ਦੱਸ ਦੇਈਏ ਕਿ ਇਥੇ ਜਿਸ ਵਿਅਕਤੀ ਵਿੱਚ ਇਸ ਦੀ ਪੁਸ਼ਟੀ ਹੋਈ ਹੈ ਇਸ ਨੇ ਹਾਲ ਹੀ ਵਿੱਚ ਇਟਲੀ ਦੀ ਯਾਤਰਾ ਕੀਤੀ ਸੀ। ਉਸ ਦੇ ਦੋਵੇਂ ਬੱਚੇ ਨੋਇਡਾ ਦੇ ਸ੍ਰੀ ਰਾਮ ਮਿਲਨੀਅਮ ਸਕੂਲ ਵਿੱਚ ਪੜ੍ਹਦੇ ਹਨ। ਇਸ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ।
ਸਕੂਲ ਪ੍ਰਸ਼ਾਸਨ ਨੇ ਸਾਰੇ ਮਾਪਿਆਂ ਨੂੰ ਇਹ ਮੈਸੇਜ ਭੇਜਿਆ ਕਿ ਕਿਸੇ ਕਾਰਨ ਕਰਕੇ ਅੱਜ ਦੀ ਪ੍ਰੀਖਿਆ ਰੱਦ ਕੀਤੀ ਜਾ ਰਹੀ ਹੈ। ਨਵੀਂ ਤਾਰੀਖ ਛੇਤੀ ਹੀ ਜਾਰੀ ਕੀਤੀ ਜਾਵੇਗੀ। ਬੋਰਡ ਦੀਆਂ ਪ੍ਰੀਖਿਆਵਾਂ ਇਉਂ ਦੀਆਂ ਤਿਉਂ ਹੁੰਦੀਆਂ ਰਹਿਣਗੀਆਂ।
ਵਾਇਰਸ ਤੋਂ ਪ੍ਰਭਾਵਿਤ ਨੌਜਵਾਨ ਦੇ ਬੱਚਿਆਂ ਦੀ ਵੀ ਜਾਂਚ ਕੀਤੀ ਗਈ ਹੈ, ਬੱਚਿਆਂ ਵਿੱਚ ਬਿਮਾਰੀ ਦੇ ਕੋਈ ਲੱਛਣ ਨਹੀਂ ਮਿਲੇ ਹਨ। ਪੰਜ ਸਕੂਲੀ ਬੱਚਿਆਂ ਨੂੰ ਵੀ ਉਨ੍ਹਾਂ ਦੇ ਘਰਾਂ ਵਿੱਚ ਵੱਖ ਵੱਖ ਕੀਤਾ ਗਿਆ ਹੈ।
ਸੀਐਮਓ ਦਾ ਕਹਿਣਾ ਹੈ ਕਿ ਸਕੂਲ ਇੱਕ ਜਾਂ ਦੋ ਦਿਨਾਂ ਲਈ ਬੰਦ ਰਹੇਗਾ। ਇਸ ਸਮੇਂ ਦੌਰਾਨ ਇਸ ਦੀ ਸਵੱਛਤਾ ਕੀਤੀ ਜਾਵੇਗੀ। ਸਕੂਲ ਨੂੰ ਸਵੱਛ ਬਣਾਉਣ ਦੀ ਪ੍ਰਕਿਰਿਆ ਵਿੱਚ ਇਕ ਤੋਂ ਦੋ ਦਿਨ ਲੱਗਣਗੇ। ਉਸ ਨੇ ਕਿਹਾ ਕਿ ਇੱਕ ਕਮਰੇ ਨੂੰ ਸਵੱਛ ਬਣਾਉਣ ਵਿੱਚ ਇੱਕ ਘੰਟੇ ਤੋਂ ਵੱਧ ਦਾ ਸਮਾਂ ਲੱਗੇਗਾ। ਮੈਡੀਕਲ ਟੀਮ ਨੇ ਸਕੂਲ ਨੂੰ ਇਲਾਜ ਬਾਰੇ ਦੱਸਿਆ ਹੈ।