ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਪਹਿਲਾਂ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ’ਚ ਪ੍ਰਦਰਸ਼ਨ ਦੌਰਾਨ ਕਾਫ਼ੀ ਹੰਗਾਮਾ ਹੋਇਆ। ਫਿਰ ਉਸ ਤੋਂ ਬਾਅਦ ਮੰਗਲਵਾਰ ਨੂੰ ਦਿੱਲੀ ਦੇ ਸੀਲਮਪੁਰ ਤੇ ਜਾਫ਼ਰਾਬਾਦ ’ਚ ਪ੍ਰਦਰਸ਼ਨ ਅਚਾਨਕ ਹੋਰ ਤਿੱਖੇ ਹੋ ਗਏ।
ਇਸ ਬਾਰੇ ਦਿੱਲੀ ਦੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਈਦ ਅਹਿਮਦ ਬੁਖਾਰੀ ਨੇ ਕਿਹਾ ਕਿ ਵਿਰੋਧ ਕਰਨਾ ਭਾਰਤ ਦੇ ਲੋਕਾਂ ਦਾ ਜਮਹੂਰੀ ਅਧਿਕਾਰ ਹੈ, ਕੋਈ ਵੀ ਸਾਨੂੰ ਅਜਿਹਾ ਕਰਨ ਤੋਂ ਰੋਕ ਨਹੀਂ ਸਕਦਾ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਹ ਗੱਲ ਵੱਧ ਅਹਿਮ ਹੈ ਕਿ ਇਹ ਪ੍ਰਦਰਸ਼ਨ ਪੂਰੇ ਕਾਬੂ ਹੇਠ ਰਹਿ ਕੇ ਕੀਤੇ ਜਾਣ। ਸਾਨੂੰ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਣਾ ਹੋਵੇਗਾ; ਇਹ ਬਹੁਤ ਅਹਿਮ ਹੈ।
ਉੱਧਰ ਸਾਬਕਾ ਵਿੱਤ ਮੰਤਰੀ ਤੇ ਕਾਂਗਰਸ ਦੇ ਆਗੂ ਸ੍ਰੀ ਪੀ. ਚਿਦੰਬਰਮ ਦਾ ਬਿਆਨ ਆਇਆ ਹੈ। ਨਾਗਰਿਕਤਾ ਸੋਧ ਕਾਨੂੰਨ ਉੱਤੇ ਪੀ. ਚਿਦੰਬਰਮ ਨੇ ਸੁਆਲ ਉਠਾਏ ਹਨ ਤੇ ਕਿਹਾ ਹੈ ਕਿ ਜੋ ਪਹਿਲਾਂ ਤੋਂ ਹੀ ਪਾਕਿਸਤਾਨ ਦੇ ਨਾਗਰਿਕ ਹਨ, ਉਨ੍ਹਾਂ ਨੂੰ ਨਾਗਰਿਕਤਾ ਕਿਉਂ ਦੇਣੀ ਚਾਹੀਦੀ ਹੈ?
ਇੱਥੇ ਵਰਨਣਯੋਗ ਹੈ ਕਿ ਨਾਗਰਿਕਤਾ ਕਾਨੂੰਨ ਉੱਤੇ ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ਵਿੱਚ ਲਗਾਤਾਰ ਰੋਸ ਮੁਜ਼ਾਹਰੇ ਹੋ ਰਹੇ ਹਨ। ਨਾਗਰਿਕਤਾ ਕਾਨੂੰਨ ਦੀ ਸੰਵਿਧਾਨਕ ਵੈਧਤਾ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਵੀ ਦਿੱਤੀ ਗਈ ਹੈ; ਜਿਸ ਉੱਤੇ ਅੱਜ ਸੁਣਵਾਈ ਵੀ ਹੋਣੀ ਹੈ।
ਇਸ ਦੌਰਾਨ ਉੱਤਰ–ਪੂਰਬੀ ਦਿੱਲੀ ਦੇ ਜਾਫ਼ਰਾਬਾਦ–ਸੀਲਮਪੁਰ ਇਲਾਕੇ ’ਚ ਮੰਗਲਵਾਰ ਨੁੰ ਫੈਲੀ ਹਿੰਸਾ ਵਿੱਚ ਕੁੱਲ 18 ਵਿਅਕਤੀ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ’ਚ ਦਿੱਲੀ ਪੁਲਿਸ ਦੇ 11 ਅਧਿਕਾਰੀ–ਕਰਮਚਾਰੀ ਤੇ 7 ਆਮ ਨਾਗਰਿਕ ਹਨ। ਇਸ ਮਾਮਲੇ ’ਚ ਪੁਲਿਸ ਨੇ ਦੋ ਵੱਖੋ–ਵੱਖਰੇ ਮਾਮਲੇ ਦਰਜ ਕਰ ਕੇ ਫ਼ਿਲਹਾਲ 5 ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ ਹੈ।
ਦਿੱਲੀ ਪੁਲਿਸ ਦੇ ਬੁਲਾਰੇ ACP ਅਨਿਲ ਮਿੱਤਲ ਨੇ ਦੇਰ ਸ਼ਾਮੀਂ ਦੱਸਿਆ ਕਿ ਫ਼ਿਲਹਾਲ ਇਲਾਕੇ ’ਚ ਅਹਿਤਿਆਤ ਵਜੋਂ 5 ਕੰਪਨੀਆਂ ਵਾਧੂ ਪੁਲਿਸ ਬਲਾਂ ਦੀਆਂ ਤਾਇਨਾਤ ਕੀਤੀਆਂ ਗਈਆਂ ਹਨ। ਹਾਲਾਤ ਉੱਤੇ ਤੁਰੰਤ ਕਾਬੂ ਪਾਉਣ ਲਈ ਤਿੰਨੇ ਜ਼ਿਲ੍ਹਿਆਂ ਤੋਂ ਵਾਧੂ ਪੁਲਿਸ ਬਲ ਘਟਨਾ ਦੇ ਤੁਰੰਤ ਬਾਅਦ ਸੱਦਣੇ ਪਏ।