ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦਿੱਲੀ 'ਚ ਭੜਕੀ ਹਿੰਸਾ ਵਿਰੁੱਧ ਦਿੱਲੀ ਹਾਈ ਕੋਰਟ ਦੇ ਜੱਜ ਐਸ. ਮੁਰਲੀਧਰ ਦੇ ਘਰ ਅੱਧੀ ਰਾਤ ਨੂੰ ਵਿਸ਼ੇਸ਼ ਸੁਣਵਾਈ ਹੋਈ। ਉੱਤਰ-ਪੂਰਬੀ ਦਿੱਲੀ ਹਿੰਸਾ 'ਚ ਜ਼ਖਮੀਆਂ ਨੂੰ ਵੱਡੇ ਸਰਕਾਰੀ ਹਸਪਤਾਲਾਂ 'ਚ ਦਾਖਲ ਕਰਵਾਉਣ ਅਤੇ ਐਂਬੂਲੈਂਸ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਲਈ ਦਿੱਲੀ ਹਾਈ ਕੋਰਟ ਦੇ ਜੱਜ ਮੁਰਲੀਧਰ ਦੇ ਘਰ ਦਾ ਦਰਵਾਜਾ ਅੱਧੀ ਰਾਤ ਨੂੰ ਖੁੱਲ੍ਹਿਆ ਅਤੇ ਰਾਤ 12 ਵਜੇ ਸੁਣਵਾਈ ਹੋਈ। ਜੱਜ ਮੁਰਲੀਧਰ ਨੇ ਅੱਧੀ ਰਾਤ ਨੂੰ ਡੀਸੀਪੀ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਅਤੇ ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਵੱਡੇ ਸਰਕਾਰੀ ਹਸਪਤਾਲਾਂ 'ਚ ਦਾਖਲ ਕਰਵਾਉਣ ਦੇ ਨਿਰਦੇਸ਼ ਦਿੱਤੇ।
ਦਰਅਸਲ ਦਿੱਲੀ ਦੇ ਮੁਸਤਫਾਬਾਦ ਦੇ ਹਸਪਤਾਲ 'ਚ ਕਈ ਜ਼ਖਮੀ ਦਾਖਲ ਹਨ, ਜਿਨ੍ਹਾਂ ਨੂੰ ਵਧੀਆ ਇਲਾਜ ਲਈ ਵੱਡੇ ਹਸਪਤਾਲ 'ਚ ਸ਼ਿਫਟ ਕਰਨ ਦੀ ਮੰਗ ਕੀਤੀ ਗਈ ਸੀ। ਇਸ ਮਾਮਲੇ ਦੀ ਸੁਣਵਾਈ ਦਿੱਲੀ ਹਾਈ ਕੋਰਟ 'ਚ ਜੱਜ ਮੁਰਲੀਧਰ ਦੇ ਘਰ ਅੱਧੀ ਰਾਤ ਨੂੰ ਹੋਈ। ਜੱਜ ਮੁਰਲੀਧਰ ਨੇ ਰਾਤ ਨੂੰ ਹਸਪਤਾਲ ਦੇ ਡਾਕਟਰਾਂ ਅਤੇ ਡੀਸੀਪੀ ਨਾਲ ਗੱਲਬਾਤ ਕੀਤੀ ਅਤੇ ਸਟੇਟਸ ਰਿਪੋਰਟ ਮੰਗੀ। ਫੋਨ 'ਤੇ ਹੀ ਜੱਜ ਨੇ ਡੀਸੀਪੀ ਨੂੰ ਹਦਾਇਤ ਕੀਤੀ ਕਿ ਜ਼ਖਮੀਆਂ ਨੂੰ ਨੇੜਲੇ ਵੱਡੇ ਹਸਪਤਾਲ 'ਚ ਦਾਖਲ ਕਰਵਾਇਆ ਜਾਵੇ ਅਤੇ ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ।
ਜ਼ਖਮੀਆਂ ਨੂੰ ਇਲਾਜ ਨਾ ਮਿਲਣ ਦਾ ਮੁੱਦਾ ਚੁੱਕਿਆ
ਦਿੱਲੀ ਹਿੰਸਾ ਨੂੰ ਲੈ ਕੇ ਰਾਹੁਲ ਰਾਏ ਵੱਲੋਂ ਦਾਖਲ ਪਟੀਸ਼ਨ ਦੀ ਪੈਰਵੀ ਸੀਨੀਅਰ ਵਕੀਲ ਸੁਰੂਰ ਮੰਡੇਰ ਅਤੇ ਚਿਰਾਯੂ ਜੈਨ ਨੇ ਕੀਤੀ। ਜਸਟਿਸ ਐਸ. ਮੁਰਲੀਧਰ ਨੇ ਕਿਹਾ, "ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਜੀ.ਐਸ. ਸਿਸਤਾਨੀ ਬਾਹਰ ਹਨ, ਪਰ ਮਾਮਲਾ ਗੰਭੀਰ ਹੈ ਅਤੇ ਜ਼ਖਮੀਆਂ ਨੂੰ ਇਲਾਜ ਮਿਲ ਪਾ ਰਿਹਾ ਹੈ। ਇਸ ਕਾਰਨ ਅੱਧੀ ਰਾਤ ਨੂੰ ਸੁਣਵਾਈ ਕੀਤੀ ਜਾ ਰਹੀ ਹੈ।"
ਸੁਣਵਾਈ ਦੌਰਾਨ ਜੱਜ ਮੁਰਲੀਧਰ ਨੇ ਅਲ ਹਿੰਦ ਹਸਪਤਾਲ ਦੇ ਡਾ. ਅਨਵਰ ਨਾਲ ਵੀ ਗੱਲਬਾਤ ਕੀਤੀ ਅਤੇ ਹਾਲਾਤ ਬਾਰੇ ਜਾਣਕਾਰੀ ਲਈ। ਡਾ. ਅਨਵਰ ਨੇ ਜੱਜ ਮੁਰਲੀਧਰ ਨੂੰ ਦੱਸਿਆ ਕਿ ਅਲ ਹਿੰਦ ਹਸਪਤਾਲ 'ਚ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ 22 ਜ਼ਖਮੀ ਹਨ। ਡਾ. ਅਨਵਰ ਨੇ ਦੱਸਿਆ ਕਿ ਮੰਗਲਵਾਰ ਸ਼ਾਮ 4 ਵਜੇ ਤੋਂ ਉਸ ਨੇ ਪੁਲਿਸ ਦੀ ਮਦਦ ਲੈਣ ਦੀ ਕੋਸ਼ਿਸ਼ ਕੀਤੀ ਪਰ ਕੋਈ ਮਦਦ ਨਾ ਮਿਲੀ।
ਅਦਾਲਤ ਨੇ ਦਿੱਲੀ ਪੁਲਿਸ ਨੂੰ ਵਿਸ਼ੇਸ਼ ਨਿਰਦੇਸ਼
ਅੱਧੀ ਰਾਤ ਨੂੰ ਸੁਣਵਾਈ ਦੌਰਾਨ ਦਿੱਲੀ ਪੁਲਿਸ ਦੇ ਡੀਸੀਪੀ ਕ੍ਰਾਈਮ ਰਾਜੇਸ਼ ਦੇਵ ਨੇ ਅਨਵਰ ਨੂੰ ਡੀਸੀਪੀ ਪੂਰਬੀ ਦੀਪਕ ਗੁਪਤਾ ਦਾ ਨੰਬਰ ਦਿੱਤਾ। ਉਨ੍ਹਾਂ ਨੇ ਅਲ ਹਿੰਦ ਹਸਪਤਾਲ ਪਹੁੰਚ ਕੇ ਮਦਦ ਕਰਨ ਦਾ ਭਰੋਸਾ ਵੀ ਦਿੱਤਾ। ਅਦਾਲਤ ਨੇ ਦਿੱਲੀ ਪੁਲਿਸ ਨੂੰ ਜ਼ਖਮੀਆਂ ਨੂੰ ਨੇੜਲੇ ਵੱਡੇ ਸਰਕਾਰੀ ਹਸਪਤਾਲ ਪਹੁੰਚਣ ਲਈ ਸੁਰੱਖਿਅਤ ਰਸਤਾ ਮੁਹੱਈਆ ਕਰਾਉਣ ਦੇ ਨਿਰਦੇਸ਼ ਦਿੱਤੇ।