ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ : 8 ਹੋਰ ਲੋਕਾਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 21 ਹੋਈ

ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦਾ ਸਮਰਥਨ ਕਰਨ ਵਾਲੇ ਅਤੇ ਵਿਰੋਧ ਕਰਨ ਵਾਲਿਆਂ ਨੇ ਉੱਤਰ-ਪੂਰਬੀ ਦਿੱਲੀ ਨੂੰ ਹਿੰਸਾ ਦੀ ਅੱਗ 'ਚ ਸਾੜ ਦਿੱਤਾ ਹੈ। ਪਿਛਲੇ ਤਿੰਨ ਦਿਨਾਂ ਤੋਂ ਉੱਤਰ-ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਹੋਈ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ 13 ਤੋਂ ਵੱਧ ਕੇ 21 ਹੋ ਗਈ ਹੈ। ਗੁਰੂ ਤੇਗ ਬਹਾਦਰ ਹਸਪਤਾਲ ਨੇ 8 ਹੋਰ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਤਿੰਨ ਦਿਨਾਂ ਬਾਅਦ ਅੱਜ ਦਿੱਲੀ 'ਚ ਹਾਲਾਤ ਆਮ ਹਨ, ਪਰ ਕੁਝ ਇਲਾਕਿਆਂ ਤੋਂ ਕੁਝ ਹਿੰਸਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ।


ਬੀਤੇ ਐਤਵਾਰ ਤੋਂ ਸ਼ੁਰੂ ਹੋਈ ਹਿੰਸਾ 'ਚ ਹੁਣ ਤਕ 250 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚ ਲਗਭਗ 56 ਪੁਲਿਸ ਮੁਲਾਜ਼ਮ ਸ਼ਾਮਲ ਹਨ। ਨਾਗਰਿਕਤਾ ਸੋਧ ਕਾਨੂੰਨ ਦੇ ਕਾਰਨ ਉੱਤਰ-ਪੂਰਬੀ ਦਿੱਲੀ ਦੇ ਜਾਫ਼ਰਾਬਾਦ, ਮੌਜਪੁਰ, ਬਾਬਰਪੁਰ ਅਤੇ ਚਾਂਦਬਾਗ 'ਚ ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਲਗਾਤਾਰ ਹਿੰਸਾ ਹੋਈ, ਜਿਸ ਕਾਰਨ ਪ੍ਰਸ਼ਾਸਨ ਨੇ ਧਾਰਾ 144 ਲਗਾ ਦਿੱਤੀ ਹੈ ਅਤੇ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ। ਅੱਜ ਇਸ ਮਾਮਲੇ ਬਾਰੇ ਸੁਪਰੀਮ ਕੋਰਟ ਅਤੇ ਹਾਈ ਕੋਰਟ 'ਚ ਵੱਖਰੀਆਂ ਪਟੀਸ਼ਨਾਂ 'ਤੇ ਸੁਣਵਾਈ ਹੋਵੇਗੀ।

 

North East Delhi Violence live Updates :

 

ਦਿੱਲੀ ਪੁਲਿਸ ਦੇ 5 ਆਈਪੀਐਸ ਅਧਿਕਾਰੀਆਂ ਦਾ ਤਬਾਦਲਾ
ਦਿੱਲੀ ਵਿੱਚ ਵੱਧ ਰਹੀ ਹਿੰਸਾ ਅਤੇ ਚੱਲ ਰਹੇ ਰੋਸ ਪ੍ਰਦਰਸ਼ਨਾਂ ਵਿਚਕਾਰ 5 ਆਈਪੀਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਤਬਦੀਲ ਕੀਤੇ ਗਏ ਅਧਿਕਾਰੀ ਹਨ : ਐਸਡੀ ਮਿਸ਼ਰਾ, ਐਮਐਸ ਰੰਧਾਵਾ, ਪੀ ਮਿਸ਼ਰਾ, ਐਸ ਭਾਟੀਆ ਅਤੇ ਰਾਜੀਵ ਰੰਜਨ।

 

ਪੁਲਿਸ ਨੇ ਪੈਦਲ ਮਾਰਚ ਕੀਤਾ
ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਸ਼ਾਹਦਰਾ ਦੇ ਓਸਮਾਨਪੁਰ ਵਿੱਚ ਅਮਨ ਕਮੇਟੀ ਦੀ ਮੀਟਿੰਗ ਕੀਤੀ। ਇਸ ਦੇ ਨਾਲ ਹੀ ਪੁਲਿਸ ਦਿੱਲੀ ਦੇ ਰੋਡ ਨੰਬਰ-66, ਬ੍ਰਹਮਪੁਰੀ ਰੋਡ, ਘੋਂਡਾ ਰੋਡ, ਜਾਫ਼ਰਾਬਾਦ, ਵੇਲਕਮ ਅਤੇ ਭਜਨਪੁਰਾ ਵਿਖੇ ਪੈਦਲ ਮਾਰਚ ਕਰ ਰਹੀ ਹੈ, ਜਿਸ ਨਾਲ ਸਥਿਤੀ ਕਾਫ਼ੀ ਹੱਦ ਤੱਕ ਕਾਬੂ 'ਚ ਹੈ।

 

 

ਬ੍ਰਿਜਪੁਰੀ 'ਚ ਇੱਕ ਘਰ ਨੂੰ ਅੱਗ ਲਗਾਈ
ਬੁੱਧਵਾਰ ਨੂੰ ਕੁਝ ਬ੍ਰਿਜਪੁਰੀ ਦੇ ਇਲਾਕੇ 'ਚ ਕੁੱਝ ਹਿੰਸਾਕਾਰੀਆਂ ਨੇ ਇੱਕ ਘਰ ਨੂੰ ਅੱਗ ਲਗਾ ਦਿੱਤੀ।

 

 

ਟਾਇਰ ਮਾਰਕੀਟ ਦੀ ਅੱਗ 'ਤੇ ਕਾਬੂ ਪਾਇਆ
24 ਫ਼ਰਵਰੀ ਨੂੰ ਗੋਕੁਲਪੁਰੀ ਦੀ ਜਿਸ ਟਾਇਰ ਮਾਰਕੀਟ 'ਚ ਅੱਗ ਲਗਾਈ ਗਈ ਸੀ, ਉਸ 'ਤੇ ਅੱਜ ਬੁੱਧਵਾਰ ਨੂੰ ਕਾਬੂ ਪਾ ਲਿਆ ਗਿਆ ਹੈ। ਦਰਅਸਲ, ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਫਾਇਰ ਬ੍ਰਿਗੇਡ ਮੌਕੇ 'ਤੇ ਨਹੀਂ ਪਹੁੰਚ ਸਕੀ ਸੀ।

 

 

ਸੀਲਮਪੁਰ ਵਿੱਚ ਪੁਲਿਸ ਨੇ ਕੀਤਾ ਇਹ ਐਲਾਨ
ਦਿੱਲੀ ਪੁਲਿਸ ਨੇ ਸੀਲਮਪੁਰ ਇਲਾਕੇ ਵਿੱਚ ਇੱਕ ਐਲਾਨ ਕੀਤਾ ਹੈ, ਜਿਸ 'ਚ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ। ਇਸ ਚਿਤਾਵਨੀ 'ਚ ਕਿਹਾ ਗਿਆ ਹੈ ਕਿ ਇੱਕ ਮਹੀਨੇ ਲਈ ਧਾਰਾ 144 ਲਾਗੂ ਕੀਤੀ ਗਈ ਹੈ। ਇੱਥੇ ਕੋਈ ਵੀ ਵਿਅਕਤੀ ਨਜ਼ਰ ਨਾ ਆਵੇ। ਹਾਲੇ ਤੁਹਾਨੂੰ ਪਿਆਰ ਨਾਲ ਸਮਝਾਇਆ ਜਾ ਰਿਹਾ ਹੈ। ਫਿਰ ਸਖਤੀ ਨਾਲ ਦੱਸਿਆ ਜਾਵੇਗਾ। ਦੁਕਾਨਾਂ ਬੰਦ ਕਰ ਦਿਓ।

 

 

ਦਿੱਲੀ ਦੇ ਕਈ ਇਲਾਕਿਆਂ 'ਚ ਹੋ ਰਿਹੈ ਫ਼ਲੈਗ ਮਾਰਚ
ਦਿੱਲੀ ਦੇ ਕਈ ਇਲਾਕਿਆਂ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਸੁਰੱਖਿਆ ਬਲ ਫ਼ਲੈਗ ਮਾਰਚ ਕਰ ਰਹੇ ਹਨ।

 

 

ਹਾਈ ਕੋਰਟ ਦੇ ਹੁਕਮ ਤੋਂ ਬਾਅਦ ਦੂਜੇ ਹਸਪਤਾਲਾਂ 'ਚ ਸ਼ਿਫਟ ਹੋਏ ਮਰੀਜ਼ 
ਐਡੀਸ਼ਨਲ ਡੀਸੀਪੀ ਡੀਕੇ ਗੁਪਤਾ ਨੇ ਦੱਸਿਆ ਕਿ ਚਾਂਦਬਾਗ ਦੇ ਹਸਪਤਾਲ ਵਿੱਚ 4 ਲਾਸ਼ਾਂ ਅਤੇ 20 ਜ਼ਖਮੀ ਸਨ। ਸਾਨੂੰ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਕਿਸੇ ਹੋਰ ਹਸਪਤਾਲ 'ਚ ਸ਼ਿਫਟ ਕਰਨਾ ਪਿਆ। ਹੁਣ ਸਾਰੇ ਪੀੜਤਾਂ ਨੂੰ ਇੱਕ ਹੋਰ ਹਸਪਤਾਲ 'ਚ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਦਾ ਸਹੀ ਇਲਾਜ ਕੀਤਾ ਜਾ ਸਕੇ।

 

 

ਦਿੱਲੀ ਮੈਟਰੋ ਦੇ ਸਾਰੇ ਸਟੇਸ਼ਨਾਂ ਦੇ ਐਂਟਰੀ ਅਤੇ ਐਗਜ਼ਿਟ ਗੇਟ ਖੋਲ੍ਹ ਦਿੱਤੇ ਗਏ ਹਨ।


ਹਿੰਸਾ ਫੈਲਾਉਣ ਵਾਲਿਆਂ ਨੂੰ ਗੋਲੀ ਮਾਰਨ ਦੇ ਆਦੇਸ਼ :
ਹਿੰਸਾ ਦੇ ਮੱਦੇਨਜ਼ਰ ਉੱਤਰ-ਪੂਰਬੀ ਦਿੱਲੀ ਦੀ ਪੁਲਿਸ ਨੇ ਦੰਗਾਕਾਰੀਆਂ ਨੂੰ ਵੇਖਦੇ ਹੀ ਗੋਲੀ ਮਾਰਨ ਦੇ ਆਦੇਸ਼ ਜਾਰੀ ਕੀਤੇ ਹਨ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ ਉੱਤਰ-ਪੂਰਬੀ ਦਿੱਲੀ 'ਚ ਦੰਗਾਕਾਰੀਆਂ ਨੂੰ ਗੋਲੀ ਮਾਰਨ ਦੇ ਆਦੇਸ਼ ਦਿੱਤੇ ਗਏ ਹਨ।

 

 

ਇਨ੍ਹਾਂ ਇਲਾਕਿਆਂ 'ਚ ਫੈਲੀ ਹੋਈ ਹੈ ਹਿੰਸਾ :
ਉੱਤਰ-ਪੂਰਬੀ ਦਿੱਲੀ ਦੇ ਜਾਫ਼ਰਾਬਾਦ, ਮੌਜਪੁਰ, ਬ੍ਰਹਮਪੁਰੀ, ਬਾਬਰਪੁਰ, ਕਰਦਮਪੁਰੀ, ਸੁਦਾਮਾਪੁਰੀ, ਘੋਂਡਾ ਚੌਕ, ਕਰਾਵਲ ਨਗਰ, ਮੁਸਤਫਾਬਾਦ, ਚਾਂਦਬਾਗ, ਨੂਰੇ ਇਲਾਹੀ, ਭਜਨਪੁਰਾ ਅਤੇ ਗੋਕਲਪੁਰੀ ਇਲਾਕਿਆਂ 'ਚ ਹਿੰਸਕ ਘਟਨਾਵਾਂ ਵਾਪਰੀਆਂ ਹਨ ਅਤੇ ਇੱਥੇ ਪਿਛਲੇ ਤਿੰਨ ਦਿਨ ਤੋਂ ਤਣਾਅ ਜਾਰੀ ਹੈ। ਮੰਗਲਵਾਰ ਸਵੇਰੇ ਦੋਵਾਂ ਧਿਰਾਂ ਦੇ ਲੋਕ ਸੜਕਾਂ 'ਤੇ ਆਏ ਅਤੇ ਦਿਨ ਭਰ ਕਥਿਤ ਤੌਰ 'ਤੇ ਕਰਦਮਪੁਰੀ ਅਤੇ ਸੁਦਾਮਾਪੁਰੀ ਇਲਾਕਿਆਂ 'ਚ ਪੱਥਰਬਾਜ਼ੀ ਅਤੇ ਗੋਲੀਬਾਰੀ ਹੁੰਦੀ ਰਹੀ।

 

ਅੱਗਜਨੀ ਤੇ ਲੁੱਟ-ਖੋਹ :
ਕਰਾਵਲ ਨਗਰ 'ਚ ਮੁੱਖ ਸੜਕ ’ਤੇ ਦੁਕਾਨਾਂ ਅਤੇ ਘਰਾਂ ਨੂੰ ਅੱਗ ਲੱਗਾ ਦਿੱਤੀ ਗਈ। ਉਨ੍ਹਾਂ ਨੂੰ ਲੁੱਟਿਆ ਗਿਆ। ਨੂਰੇ ਇਲਾਹੀ 'ਚ ਗੋਲੀਬਾਰੀ ਹੋਈ। ਗੋਕਲਪੁਰੀ 'ਚ ਇੱਕ ਧਾਰਮਿਕ ਸਥਾਨ ਨੂੰ ਅੱਗ ਲਗਾ ਦਿੱਤੀ ਗਈ। ਘਰਾਂ ਦੀ ਭੰਨਤੋੜ ਕੀਤੀ ਗਈ। ਪੱਥਰਬਾਜ਼ੀ ਦੇ ਨਾਲ-ਨਾਲ ਗੋਲੀਬਾਰੀ ਵੀ ਹੋਈ। ਘੋਂਡਾ ਚੌਕ 'ਚ ਮਿੰਨੀ ਬੱਸ, ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਨੂੰ ਅੱਗ ਲੱਗਾ ਦਿੱਤੀ ਗਈ।

 

 

ਸ਼ਾਹ ਨੇ ਦੋ ਵਾਰ ਮੀਟਿੰਗ ਕੀਤੀ :
ਰਾਜਧਾਨੀ 'ਚ ਹਾਲਾਤ ਵਿਗੜਦੇ ਵੇਖ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਦੁਪਹਿਰ ਵੇਲੇ ਭਾਜਪਾ, ਕਾਂਗਰਸ ਅਤੇ ‘ਆਪ’ ਨੇਤਾਵਾਂ ਨਾਲ ਮੀਟਿੰਗ ਕੀਤੀ। ਫਿਰ ਉਨ੍ਹਾਂ ਨੇ ਸ਼ਾਮ ਨੂੰ 7 ਵਜੇ ਮੀਟਿੰਗ ਕਰਕੇ ਉੱਚ ਅਧਿਕਾਰੀਆਂ ਤੋਂ ਸਥਿਤੀ ਦਾ ਜਾਇਜ਼ਾ ਲਿਆ।

 

ਸਕੂਲ ਬੰਦ ਅਤੇ ਪ੍ਰੀਖਿਆਵਾਂ ਮੁਲਤਵੀ :
ਉੱਤਰ-ਪੂਰਬੀ ਜ਼ਿਲ੍ਹੇ ਦੇ ਸਕੂਲ ਬੁੱਧਵਾਰ ਨੂੰ ਬੰਦ ਰਹਿਣਗੇ। ਦਿੱਲੀ ਸਰਕਾਰ ਨੇ ਘਰੇਲੂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਬੇਨਤੀ ਕੀਤੀ ਹੈ।

 

 

ਹਿੰਸਾ ਕਿਵੇਂ ਸ਼ੁਰੂ ਹੋਈ :
ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਐਤਵਾਰ ਨੂੰ ਸੜਕ ਜਾਮ ਕਰ ਦਿੱਤੀ ਜਿਸ ਤੋਂ ਬਾਅਦ ਜਾਫ਼ਰਾਬਾਦ ਵਿੱਚ ਸੀਏਏ ਦੇ ਸਮਰਥਕਾਂ ਅਤੇ ਵਿਰੋਧੀਆਂ ਵਿੱਚ ਝੜਪਾਂ ਹੋ ਗਈਆਂ। ਅਜਿਹਾ ਹੀ ਵਿਰੋਧ ਪ੍ਰਦਰਸ਼ਨ ਦਿੱਲੀ ਦੇ ਕਈ ਹੋਰ ਇਲਾਕਿਆਂ ਵਿੱਚ ਸ਼ੁਰੂ ਹੋਇਆ। ਮੌਜਪੁਰ 'ਚ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਇੱਕ ਮੀਟਿੰਗ ਬੁਲਾ ਕੇ ਮੰਗ ਕੀਤੀ ਕਿ ਪੁਲਿਸ ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਤਿੰਨ ਦਿਨਾਂ ਵਿੱਚ ਹਟਾ ਦੇਵੇ। ਇਸ ਤੋਂ ਤੁਰੰਤ ਬਾਅਦ ਦੋਵਾਂ ਧੜਿਆਂ ਦੇ ਮੈਂਬਰਾਂ ਨੇ ਇੱਕ-ਦੂਜੇ 'ਤੇ ਪੱਥਰ ਸੁੱਟੇ। ਪੁਲਿਸ ਨੂੰ ਹਾਲਾਤ 'ਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ।

 


ਕਪਿਲ ਮਿਸ਼ਰਾ ਨੇ ਕੀ ਕਿਹਾ ਸੀ :
ਕਪਿਲ ਮਿਸ਼ਰਾ ਨੇ ਪੁਲਿਸ ਨੂੰ ਅਲਟੀਮੇਟਮ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਅਸੀਂ ਉਦੋਂ ਤੱਕ ਇੰਤਜ਼ਾਰ ਕਰਾਂਗੇ ਜਦੋਂ ਤੱਕ ਟਰੰਪ (ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ) ਭਾਰਤ ਦੇ ਦੌਰੇ 'ਤੇ ਹਨ। ਉਨ੍ਹਾਂ ਦੇ ਵਾਪਸ ਅਮਰੀਕਾ ਜਾਣ ਮਗਰੋਂ ਜੇ ਰਸਤਾ ਸਾਫ਼ ਨਾ ਹੋਇਆ ਤਾਂ ਅਸੀ (ਪੁਲਿਸ) ਤੁਹਾਡੀ ਨਹੀਂ ਸੁਣਾਂਗਾ। ਅਸੀਂ ਤੁਹਾਨੂੰ (ਪੁਲਿਸ) ਅਪੀਲ ਕਰਦੇ ਹਾਂ ਕਿ ਟਰੰਪ ਦੇ ਜਾਣ ਤਕ ਜਾਫ਼ਰਾਬਾਦ ਅਤੇ ਚਾਂਦਬਾਗ ਨੂੰ ਖਾਲੀ ਕਰਵਾ ਦਿਓ। ਜੇ ਅਜਿਹਾ ਨਾ ਹੋਇਆ ਤਾਂ ਸਾਨੂੰ ਸੜਕਾਂ 'ਤੇ ਆਉਣਾ ਪਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:north east delhi violence update jaffrabad maujpur babarpur gokulpuri police caa protest