ਜੰਮੂ–ਕਸ਼ਮੀਰ (J&K) ਪੁਲਿਸ ਦੇ ਮੁਖੀ (DGP) ਦਿਲਬਾਗ਼ ਸਿੰਘ ਨੇ ਕਿਹਾ ਹੈ ਕਿ ਪਿਛਲੇ 6 ਦਿਨਾਂ ਦੌਰਾਨ ਕਸ਼ਮੀਰ ਵਾਦੀ ਵਿੱਚ ਹਿੰਸਾ ਦੀ ਇੱਕ ਵੀ ਵਾਰਦਾਤ ਨਹੀਂ ਵਾਪਰੀ ਤੇ ਸੂਬੇ ’ਚ ਹਰ ਥਾਂ ਉੱਤੇ ਪੂਰੀ ਸ਼ਾਂਤੀ ਹੈ।। ਉਨ੍ਹਾਂ ਦੱਸਿਆ ਕਿ ਅੱਜ ਲੋਕਾਂ ਤੇ ਵਾਹਨਾਂ ਦੀ ਆਵਾਜਾਈ ਉੱਤੇ ਲੱਗੀਆਂ ਪਾਬੰਦੀਆਂ ਹੋਰ ਵੀ ਘਟਾ ਦਿੱਤੀਆਂ ਜਾਣਗੀਆਂ।
‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਸ੍ਰੀ ਦਿਲਬਾਗ਼ ਸਿੰਘ ਨੇ ਕਿਹਾ ਕਿ ਹੁਣ ਹਾਲਾਤ ਬਿਲਕੁਲ ਆਮ ਵਰਗੇ ਹੋ ਗਏ ਹਨ ਤੇ ਪਿਛਲੇ ਕੁਝ ਸਮੇਂ ਦੌਰਾਨ ਹਿੰਸਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਰਹੇ ਦੱਖਣੀ ਕਸ਼ਮੀਰ ਵਿੱਚ ਵੀ ਇੱਕ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ।
ਚੇਤੇ ਰਹੇ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੁਝ ਉਨ੍ਹਾਂ ਮੀਡੀਆ ਰਿਪੋਰਟਾਂ ਉੱਤੇ ਆਪਣਾ ਪ੍ਰਤੀਕਰਮ ਪ੍ਰਗਟਾਇਆ ਸੀ; ਜਿਨ੍ਹਾਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਜੰਮੂ–ਕਸ਼ਮੀਰ ਵਿੱਚ ਕਿਤੇ ਹਿੰਸਾ ਵਾਪਰੀ ਹੈ ਤੇ ਅਜਿਹੀ ਸਥਿਤੀ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ।
ਇਸ ਦੇ ਉਲਟ DGP ਸ੍ਰੀ ਦਿਲਬਾਗ਼ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਈਦ ਦੀਆਂ ਤਿਆਰੀਆਂ ਲਈ ਛੋਟਾਂ ਦਿੱਤੀਆਂ ਜਾਣਗੀਆਂ। ਇੱਥੇ ਵਰਨਣਯੋਗ ਹੈ ਕਿ 12 ਅਗਸਤ ਦਿਨ ਸੋਮਵਾਰ ਨੂੰ ਈਦ–ਉਲ–ਜ਼ੁਹਾ (ਬਕਰੀਦ) ਦਾ ਤਿਉਹਾਰ ਸਮੁੱਚੇ ਭਾਰਤ ਵਿੱਚ ਰਵਾਇਤੀ ਧਾਰਮਿਕ ਸ਼ਰਧਾ ਨਾਲ ਮਨਾਇਆ ਜਾਵੇਗਾ।
ਸ੍ਰੀ ਦਿਲਬਾਗ ਸਿੰਘ ਨੇ ਕਿਹਾ ਕਿ ਉਨ੍ਹਾਂ ਕਸ਼ਮੀਰ ਵਾਦੀ ਦੇ ਪੂਰੇ ਹਾਲਾਤ ਉੱਤੇ ਚੌਕਸ ਨਜ਼ਰ ਰੱਖੀ ਹੋਈ ਹੈ ਤੇ ਹਿੰਸਾ ਵਾਪਰਨ ਦੀਆਂ ਘਟਨਾਵਾਂ ਬਿਲਕੁਲ ਝੂਠੀਆਂ ਹਨ। ਉਨ੍ਹਾਂ ਆਪਣੇ ਇੱਕ ਟਵੀਟ ਰਾਹੀਂ ਕਿਹਾ ਕਿ ਲੋਕ ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ ਖ਼ਬਰਾਂ ਜਾਂ ਅਫ਼ਵਾਹਾਂ ਉੱਤੇ ਬਿਲਕੁਲ ਵੀ ਗ਼ੌਰ ਨਾ ਕਰਨ।
ਇੱਥੇ ਵਰਨਣਯੋਗ ਹੈ ਕਿ ਬੀਤੀ 5 ਅਗਸਤ ਨੂੰ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਹਟਾ ਦਿੱਤਾ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਐਤਵਾਰ 4 ਅਗਸਤ ਨੂੰ ਸਮੁੱਚੇ ਇਲਾਕੇ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਸੀ ਅਤੇ ਹਰ ਤਰ੍ਹਾਂ ਦੀਆਂ ਫ਼ੋਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ ਤੇ ਉਸ ਨਾਲ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਸਨ। ਜੰਮੂ–ਕਸ਼ਮੀਰ ਦੇ ਦੋ ਹਿੱਸੇ ਕਰ ਕੇ ਉਨ੍ਹਾਂ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ (UTs) – ਜੰਮੂ–ਕਸ਼ਮੀਰ ਤੇ ਲੱਦਾਖ ਵਿੱਚ ਵੰਡ ਦਿੱਤਾ ਗਿਆ ਸੀ।