ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਸੂਬੇ ਦੇ ਰਾਜਪਾਲ ਸੱਤਿਆਪਾਲ ਮਲਿਕ ਦੇ ਉਸ ਸੱਦੇ ਨੂੰ ਸਵੀਕਾਰ ਕਰ ਲਿਆ, ਜਿਸ ਵਿਚ ਮਲਿਕ ਨੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਆਉਣ ਲਈ ਜਹਾਜ਼ ਭੇਜਣ ਦੀ ਗੱਲ ਕਹੀ ਸੀ। ਰਾਹੁਲ ਗਾਂਧੀ ਨੇ ਟਵੀਟ ਕਰਕੇ ਜਵਾਬ ਦਿੱਤਾ ਕਿ ਪਿਆਰੇ ਰਾਜਪਾਲ ਮਲਿਕ, ਮੈਂ ਅਤੇ ਵਿਰੋਧੀ ਪਾਰਟੀ ਦਾ ਵਫਦ ਤੁਹਾਡੇ ਜੰਮੂ ਕਸ਼ਮੀਰ ਅਤੇ ਲੱਦਾਖ ਆਉਣ ਦੇ ਸੱਦੇ ਨੂੰ ਸਵੀਕਾਰ ਕਰਦੇ ਹਾਂ।
ਰਾਹੁਲ ਗਾਂਧੀ ਨੇ ਲਿਖਿਆ, ਸਾਨੂੰ ਜਹਾਜ਼ ਦੀ ਲੋੜ ਨਹੀਂ ਹੈ, ਪ੍ਰੰਤੂ ਇਹ ਯਕੀਨੀ ਕਰੇ ਕਿ ਅਸੀਂ ਉਥੋਂ ਦੇ ਲੋਕਾਂ, ਆਗੂਆਂ ਅਤੇ ਸੈਨਿਕਾਂ ਨੂੰ ਮਿਲਣ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਕਸ਼ਮੀਰ ਵਿਚ ਹਿੰਸਾ ਦੀ ਖਬਰ ਹੋਣ ਸਬੰਧੀ ਟਿੱਪਣੀ ਬਾਰੇ ਵਿਚ ਕਿਹਾ ਸੀ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਨੂੰ ਘਾਟੀ ਦਾ ਦੌਰਾ ਕਰਾਉਣ ਅਤੇ ਜਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਉਹ ਜਹਾਜ਼ ਭੇਜਣਗੇ।
ਮਲਿਕ ਨੇ ਕਿਹਾ ਸੀ ਕਿ ਮੈਂ ਰਾਹੁਲ ਗਾਂਧੀ ਨੂੰ ਇੱਥੇ ਆਉਣ ਲਈ ਸੱਦਾ ਦਿੱਤਾ ਹੈ। ਮੈਂ ਤੁਹਾਡੇ ਲਈ ਜਹਾਜ਼ ਭੇਜੂਗਾ ਤਾਂ ਕਿ ਤੁਸੀਂ ਸਥਿਤੀ ਦਾ ਜਾਇਜ਼ਾ ਲਓ ਅਤੇ ਉਦੋਂ ਬੋਲੋ। ਤੁਸੀਂ ਇਕ ਜ਼ਿੰਮੇਵਾਰ ਵਿਅਕਤੀ ਹੈ ਅਤੇ ਤੁਹਾਨੂੰ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ। ਰਾਜਪਾਲ ਕਸ਼ਮੀਰ ਵਿਚ ਹਿੰਸਾ ਸਬੰਧੀ ਕੁਝ ਆਗੂਆਂ ਦੇ ਬਿਆਨ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇ ਰਹੇ ਸਨ।