‘‘ਮੈਂ ਤੁਹਾਡੇ ਸਬੰਧਤ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਕੋਵਿਡ–19 ਵਿਰੁੱਧ ਸਾਡੀ ਜੰਗ ਦੌਰਾਨ ਯੋਗ ਇੰਤਜ਼ਾਮ ਕਰਨ ਤੇ ਹਾਲਾਤ ਨੂੰ ਕਾਬੂ ਹੇਠ ਰੱਖਣ ਲਈ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ।’’ ਡਾ. ਹਰਸ਼ ਵਰਧਨ ਨੇ ਇਹ ਗੱਲ ਅੱਜ ਇੱਥੇ ਰਾਜ ਮੰਤਰੀ ਸ੍ਰੀ ਅਸ਼ਵਨੀ ਕੁਮਾਰ ਚੌਬੇ (ਸਿਹਤ ਤੇ ਪਰਿਵਾਰ ਭਲਾਈ) ਦੀ ਮੌਜੂਦਗੀ ’ਚ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ, ਮੁੱਖ ਸਕੱਤਰਾਂ / ਸਿਹਤ ਸਕੱਤਰਾਂ ਨਾਲ ਵਿਡੀਓ ਕਾਨਫ਼ਰੰਸ ਰਾਹੀਂ ਕੋਵਿਡ–19 ਘਟਾਉਣ ਲਈ ਕੀਤੀਆਂ ਕਾਰਵਾਈਆਂ ਤੇ ਤਿਆਰੀਆਂ ਦੀ ਸਮੀਖਿਆ ਲਈ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖੀ।
ਇਸ ਵਿਡੀਓ ਕਾਨਫ਼ਰੰਸ ’ਚ ਮਹਾਰਾਸ਼ਟਰ, ਦਿੱਲੀ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਕੇਰਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਕਰਨਾਟਕ, ਪੰਜਾਬ, ਬਿਹਾਰ, ਤੇਲੰਗਾਨਾ, ਹਰਿਆਣਾ, ਓੜੀਸ਼ਾ, ਆਸਾਮ, ਚੰਡੀਗੜ੍ਹ, ਝਾਰਖੰਡ, ਅੰਡੇਮਾਨ ਤੇ ਨਿਕੋਬਾਰ, ਛੱਤੀਸਗੜ੍ਹ, ਮਨੀਪੁਰ, ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ, ਤ੍ਰਿਪੁਰਾ, ਸਿੱਕਿਮ, ਨਾਗਾਲੈਂਡ, ਤਾਮਿਲ ਨਾਡੂ, ਮੇਘਾਲਿਆ ਤੇ ਦਾਦਰਾ ਅਤੇ ਨਾਗਰ ਹਵੇਲੀ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਡਾ. ਹਰਸ਼ ਵਰਧਨ ਨੇ ਕਿਹਾ ਕਿ ‘ਇਸ ਵਿਸ਼ਵ–ਪੱਧਰੀ ਮਹਾਮਾਰੀ ਵਿਰੁੱਧ ਜੰਗ ਹੁਣ ਤਿੰਨ ਮਹੀਨਿਆਂ ਤੋਂ ਵੱਧ ਪੁਰਾਣੀ ਹੋ ਚੁੱਕੀ ਹੈ ਅਤੇ ਦੇਸ਼ ਵਿੱਚ ਕੋਵਿਡ–19 ਦੀ ਰੋਕਥਾਮ, ਉਸ ਨੂੰ ਫੈਲਣ ਤੋਂ ਰੋਕਣ ਤੇ ਯੋਗ ਪ੍ਰਬੰਧਾਂ ਉੱਤੇ ਰਾਜਾਂ ਦੇ ਤਾਲਮੇਲ ਨਾਲ ਉੱਚਤਮ ਪੱਧਰ ਦੀ ਨਿਗਰਾਨੀ ਰੱਖੀ ਜਾ ਰਹੀ ਹੈ।’ ਉਨ੍ਹਾਂ ਅੱਗੇ ਕਿਹਾ,‘ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਇਸ ਮਹਾਮਾਰੀ ਦੇ ਫੈਲਣ ਤੋਂ ਰੋਕਥਾਮ ਲਈ ਕਈ ਸਰਗਰਮ ਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ। ਸਮੇਂ ਸਿਰ ਚੁੱਕੇ ਗਏ ਇਨ੍ਹਾਂ ਕਦਮਾਂ ਨੇ ਹਾਲਾਤ ਨਾਲ ਸਿੱਝਣ ਤੇ ਹਰ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਵਿੱਚ ਸਾਡੀ ਮਦਦ ਕੀਤੀ ਹੈ।’
ਇਸ ਰੋਗ ਦੇ ਫੈਲਣ ਦੀ ਲੜੀ ਤੋੜਨ ਲਈ ਅਗਲੇ ਕੁਝ ਹਫ਼ਤੇ ਬਹੁਤ ਅਹਿਮ ਹੋਣ ਵੱਲ ਇਸ਼ਾਰਾ ਕਰਦਿਆਂ ਡਾ. ਹਰਸ਼ ਵਰਧਨ ਨੇ ਸਭ ਨੂੰ ਬੇਨਤੀ ਕੀਤੀ ਕਿ ਸਮਾਜਕ–ਦੂਰੀ ਨੂੰ ਯਕੀਨੀ ਬਣਾਇਆ ਜਾਵੇ ਤੇ ਨਿਜੀ ਸਫ਼ਾਈ ਰੱਖਣ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇ, ਇਸ ਨਾਲ ਕੋਵਿਡ–19 ਵਿਰੁੱਧ ਇੱਕ ਦ੍ਰਿੜ੍ਹ ਤੇ ਸਮੂਹਕ ਜੰਗ ’ਚ ਮਦਦ ਮਿਲੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਰਾਜਾਂ ਨੂੰ ਇਹ ਚੇਤੇ ਰੱਖਣ ਦੀ ਜ਼ਰੂਰਤ ਹੈ ਕਿ ਗਰਭਵਤੀ ਔਰਤਾ, ਡਾਇਲਿਸਿਸ ਰੋਗੀਆਂ ਤੇ ਥੈਲਾਸੀਮੀਆ ਜਿਹੀਆਂ ਬੀਮਾਰੀ ਤੋਂ ਪੀੜਤਾਂ ਦਾ ਖਾਸ ਖ਼ਿਆਲ ਰੱਖਣਾ ਹੈ। ਉਨ੍ਹਾਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਵੈ–ਇੱਛਾ ਨਾਲ ਖੂਨਦਾਨ ਕਰਨ ਨੂੰ ਹੱਲਾਸ਼ੇਰੀ ਦੇਣ ਅਤੇ ਕਿਸੇ ਵੀ ਸਮੇਂ ਖੂਨ ਦੀ ਵਾਜਬ ਸਪਲਾਈ ਲਈ ਸੁਰੱਖਿਅਤ ਖੂਨਦਾਨ ਹਿਤ ਮੋਬਾਇਲ ਇਕਾਈਆਂ ਦੇ ਇੰਤਜ਼ਾਮ ਕਰਨ ’ਤੇ ਜ਼ੋਰ ਦਿੱਤਾ।
ਡਾ. ਹਰਸ਼ ਵਰਧਨ ਨੇ ਦੇਸ਼ ਦੇ ਸਮਰਪਿਤ ਕੋਵਿਡ–19 ਹਸਪਤਾਲਾਂ ਦੀ ਤਾਜ਼ਾ ਸਥਿਤੀ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਕਿਹਾ,‘ਦੇਸ਼ ਦੇ ਹਰੇਕ ਜ਼ਿਲ੍ਹੇ ’ਚ ਸਮਰਪਿਤ ਕੋਵਿਡ–19 ਹਸਪਤਾਲ ਸਥਾਪਤ ਕਾਇਮ ਕਰਨ ਦੀ ਜ਼ਰੂਰਤ ਹੈ ਤੇ ਜਿੰਨੀ ਵੀ ਛੇਤੀ ਸੰਭਵ ਹੋਵੇ, ਉਨ੍ਹਾਂ ਬਾਰੇ ਨੋਟੀਫ਼ਾਈ ਕੀਤਾ ਜਾਵੇ, ਤਾਂ ਜੋ ਆਮ ਜਨਤਾ ਨੂੰ ਉਨ੍ਹਾਂ ਬਾਰੇ ਜਾਣਕਾਰੀ ਮਿਲ ਸਕੇ।’
ਡਾ. ਹਰਸ਼ ਵਰਧਨ ਨੇ ਹਰੇਕ ਰਾਜ ਨਾਲ ਪੀਪੀਈਜ਼, ਐੱਨ95 ਮਾਸਕਸ, ਟੈਸਟਿੰਗ ਕਿਟਸ, ਦਵਾਈਆਂ ਤੇ ਵੈਂਟੀਲੇਟਰਜ਼ ਦੀ ਜ਼ਰੂਰਤ ਤੇ ਉਨ੍ਹਾਂ ਦੀ ਉਚਿਤ ਸਪਲਾਈ ਦੀ ਸਮੀਖਿਆ ਕੀਤੀ ਤੇ ਭਰੋਸਾ ਦਿਵਾਇਆ ਕਿ ਭਾਰਤ ਸਰਕਾਰ ਇਨ੍ਹਾਂ ਅਹਿਮ ਵਸਤਾਂ ਦੀ ਸਪਲਾਈ ਵਿੱਚ ਕੋਈ ਕਮੀ ਨਾ ਆਉਣਾ ਯਕੀਨੀ ਬਣਾਉਣ ਲਈ ਬਿਹਤਰੀਨ ਜਤਨ ਕਰ ਰਹੀ ਹੈ; ਵਿਭਿੰਨ ਜ਼ਰੂਰਤਾਂ ਲਈ ਆਰਡਰ ਪਹਿਲਾਂ ਹੀ ਦੇ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਰਾਜਾਂ ਦੀਆਂ ਅੰਸ਼ਕ ਜ਼ਰੂਰਤਾਂ, ਜੋ ਵੀ ਉਨ੍ਹਾਂ ਵੱਲੋਂ ਦੱਸੀਆਂ ਗਈਆਂ ਸਨ, ਪੂਰੀਆਂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਸਾਰੇ ਦਿਸ਼ਾ–ਨਿਰਦੇਸ਼ ਵਿਸਤ੍ਰਿਤ ਰੂਪ ਵਿੱਚ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਦੀ ਵੈੱਬਸਾਈਟ ’ਤੇ ਉਪਲਬਧ ਹਨ ਕਿ ਕਿਸ ਵਰਗ ਦੇ ਸਿਹਤ ਕਾਮਿਆਂ / ਪ੍ਰੋਫ਼ੈਸ਼ਨਲਜ਼ ਲਈ ਕਿਸ ਵਰਗ ਦੇ ਪੀਪੀਈਜ਼ ਵਰਤਣ ਦੀ ਜ਼ਰੂਰਤ ਹੈ ਅਤੇ ਰਾਜਾਂ ਨੂੰ ਉਨ੍ਹਾਂ ਦੀ ਤਰਕਪੂਰਨ ਵਰਤੋਂ ਬਾਰੇ ਵੀ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ। ਉਨ੍ਰਾਂ ਇਹ ਵੀ ਕਿਹਾ ਕਿ ਚਿਹਰਾ ਢਕਣ ਲਈ ਦਿਸ਼ਾ–ਨਿਰਦੇਸ਼ ਵੀ ਮੰਤਰਾਲੇ ਦੀ ਵੈੱਬਸਾਈਟ ਉੱਤੇ ਉਪਲਬਧ ਹਨ ਤੇ ਭਾਈਚਾਰਿਆਂ ’ਚ ਇਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਖੋ–ਵੱਖਰੇ ਰਾਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇੱਕ–ਦੂਜੇ ਦੇ ਵਧੀਆ ਅਭਿਆਸਾਂ ਦੀ ਰੀਸ ਵੀ ਕਰ ਸਕਦੇ ਹਨ।
ਉਨ੍ਹਾਂ ਸਭਨਾਂ ਨੂੰ ‘ਆਰੋਗਯ–ਸੇਤੂ ਐਪ’ ਡਾਊਨਲੋਡ ਕਰਨ ਤੇ ਵਰਤਣ ਦੀ ਬੇਨਤੀ ਵੀ ਕੀਤੀ ਹੈ ਕਿਉਂਕਿ ਇਸ ਨਾਲ ਲੋਕ ਆਪਣੇ ਕੋਰੋਨਾ ਵਾਇਰਸ ਦੀ ਛੂਤ ਫੜਨ ਦੇ ਖ਼ਤਰੇ ਦਾ ਮੁਲਾਂਕਣ ਕਰਨ ਦੇ ਯੋਗ ਹੋ ਸਕਣਗੇ। ਉਨ੍ਹਾਂ ਕਿਹਾ,‘ਸਮਾਰਟ ਫ਼ੋਨ ਵਿੱਚ ਇੱਕ ਵਾਰ ਇੰਸਟਾਲ ਹੋਣ ਤੋਂ ਬਾਅਦ ਇਹ ਐਪ ਅਤਿ–ਆਧੁਨਿਕ ਮਾਪਦੰਡਾਂ ਦੇ ਆਧਾਰ ’ਤੇ ਛੂਤ ਦੇ ਖ਼ਤਰੇ ਦੀ ਗਿਣਤੀ–ਮਿਣਤੀ ਕਰ ਸਕਦੀ ਹੈ।’
ਸੁਸ਼੍ਰੀ ਪ੍ਰੀਤੀ ਸੂਦਨ – ਸਕੱਤਰ (ਸਿਹਤ ਤੇ ਪਰਿਵਾਰ ਭਲਾਈ), ਸ੍ਰੀ ਸੰਜੀਵਾ ਕੁਮਾਰ – ਵਿਸ਼ੇਸ਼ ਸਕੱਤਰ ਤੇ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਤੇ ਆਈਸੀਐੱਮਆਰ ਦੇ ਪ੍ਰਤੀਨਿਧ ਵੀ ਇਸ ਸਮੀਖਿਆ ਮੀਟਿੰਗ ਦੌਰਾਨ ਮੌਜੂਦ ਸਨ।