ਆਈਐੱਨਐੱਸ ਵਿਕਰਮਾਦਿੱਤਿਆ ਉੱਤੇ ਸਵਾਰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅਸੀਂ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪਾਕਿਸਤਾਨ ਸਦਾ ਹੀ ਭਾਰਤ ਨੂੰ ਅਸਥਿਰ ਕਰਨ ਲਈ ਅੱਤਵਾਦ ਨੂੰ ਇੱਕ ਸੰਦ ਵਜੋਂ ਵਰਤਦਾ ਰਿਹਾ ਹੈ। ਅਸੀਂ 26/11 ਨੂੰ ਕਦੇ ਨਹੀਂ ਭੁਲਾ ਸਕਦੇ। ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ ਦੇ ਜਵਾਨ ਸਦਾ ਚੌਕਸ ਰਹਿੰਦੇ ਹਨ।
ਰੱਖਿਆ ਮੰਤਰੀ ਨੇ ਆਈਐੱਨਐੱਸ ਵਿਕਰਮਾਦਿੱਤਿਆ ਉੱਤੇ ਜਵਾਨਾਂ ਨਾਲ ਯੋਗਾ ਦਾ ਅਭਿਆਸ ਵੀ ਕੀਤਾ। ਦੇਸ਼ ਵਿੱਚ ਹੀ ਬਣੀ ਸਕੌਰਪੀਅਨ ਵਰਗ ਦੀ ਦੂਜੀ ਪਣਡੁੱਬੀ ਆਈਐੱਨਐੱਸ ਖੰਡੇਰੀ ਸਮੁੰਦਰੀ ਫ਼ੌਜ ਤੇ ਰਾਸ਼ਟਰ ਨੂੰ ਸਮਰਪਿਤ ਕਰਨ ਮੌਕੇ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਹੁਣ ਦੇਸ਼ ਪਾਕਿਸਤਾਨ ਨੂੰ ਪਹਿਲਾਂ ਤੋਂ ਵੱਡਾ ਝਟਕਾ ਦੇਣ ਦੇ ਸਮਰੱਥ ਹੈ।
ਸਨਿੱਚਰਵਾਰ ਨੂੰ ਖੰਡੇਰੀ ਪਣਡੁੱਬੀ ਦੇ ਬੇੜੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਰਤੀ ਸਮੁੰਦਰੀ ਫ਼ੌਜ ਦੀ ਤਾਕਤ ਕਈ ਗੁਣਾ ਵਧ ਗਈ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਹੁਣ 26/11 ਜਿਹੀ ਸਾਜ਼ਿਸ਼ ਕਦੇ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖੰਡੇਰੀ ਪਣਡੁੱਬੀ ‘ਸਵੋਰਡ ਟੁੱਥ ਫ਼ਿਸ਼’ ਤੋਂ ਪ੍ਰੇਰਿਤ ਹੈ; ਜੋ ਸਮੁੰਦਰੀ ਤਲ ਦੇ ਨੇੜੇ ਪੁੱਜ ਕੇ ਸ਼ਿਕਾਰ ਕਰਨ ਵਾਲੀ ਇੱਕ ਖ਼ਤਰਨਾਕ ਮੱਛੀ ਹੈ।
ਖੰਡੇਰੀ ਪਣਡੁੱਬੀ ਨੂੰ ਪੀ–17 ਸ਼ਿਵਾਲਿਕ ਵਰਗ ਦੇ ਜੰਗੀ ਬੇੜੇ ਨਾਲ ਸਮੁੰਦਰੀ ਫ਼ੌਜ ਵਿੱਚ ਸ਼ਾਮਲ ਕੀਤਾ ਗਿਆ। ਇਹ ਪਣਡੁੱਬੀ ਪਾਣੀ ਦੇ ਕਿਸੇ ਵੀ ਜੰਗੀ ਬੇੜੇ ਨੂੰ ਨਸ਼ਟ ਕਰਨ ਦੀ ਸਮਰੱਥਾ ਰੱਖਦੀ ਹੈ।
ਇਸ ਤੋਂ ਪਹਿਲਾਂ ਸਕੌਰਪੀਅਨ ਵਰਗ ਦੀ ਪਣਡੁੱਬੀ ਆਈਐੱਨਐੱਸ ਕਲਵਰੀ ਸੀ; ਜਿਸ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦਸੰਬਰ 2017 ’ਚ ਸਮੁੰਦਰੀ ਫ਼ੌਜ ਹਵਾਲੇ ਕੀਤਾ ਸੀ।