ਭਾਰਤ ’ਚ ਹੁਣ ਆਮ ਦੁਕਾਨਾਂ ਤੋਂ ਵੀ ਪੈਟਰੋਲ–ਡੀਜ਼ਲ ਖ਼ਰੀਦਿਆ ਜਾ ਸਕੇਗਾ। ਸਰਕਾਰੀ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਗਵਾਈ ਹੇਠਲੀ ਸਰਕਾਰ ਦੀ ਕੈਬਿਨੇਟ ਅੱਜ ਬੁੱਧਵਾਰ ਦੀ ਮੀਟਿੰਗ ਵਿੱਚ ਇਸ ਬਾਰੇ ਵੱਡਾ ਫ਼ੈਸਲਾ ਲੈ ਸਕਦੀ ਹੈ। ਸ਼ਾਪਿੰਗ ਮਾਲ ਤੇ ਆਮ ਪ੍ਰਚੂਨ ਦੁਕਾਨਾਂ ’ਤੇ ਵੀ ਪੈਟਰੋਲ ਤੇ ਡੀਜ਼ਲ ਦੀ ਵਿਕਰੀ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ।
ਪਹਿਲਾਂ 2,000 ਕਰੋੜ ਰੁਪਏ ਦੇ ਨਿਵੇਸ਼ ਨਾਲ ਪੈਟਰੋਲ ਪੰਪ ਖੋਲ੍ਹਣ ਦੀ ਇਜਾਜ਼ਤ ਮਿਲਦੀ ਸੀ ਪਰ ਹੁਣ 200 ਕਰੋੜ ਰੁਪਏ ਵਾਲੀਆਂ ਕੰਪਨੀਆਂ ਵੀ ਪੈਟਰੋਲ ਪੰਪ ਖੋਲ੍ਹ ਸਕਣਗੀਆਂ; ਬਸ਼ਰਤੇ ਕੇਂਦਰ ਸਰਕਾਰ ਇਸ ਸਬੰਧੀ ਪ੍ਰਸਤਾਵ ਪਾਸ ਕਰ ਦੇਵੇ। ਤਦ ਜੇ ਕੋਈ ਕੰਪਨੀ ਪੈਟਰੋਲੀਅਮ ਖੇਤਰ ਵਿੱਚ ਕਾਰੋਬਾਰ ਨਹੀਂ ਵੀ ਕਰ ਰਹੀ, ਉਸ ਨੁੰ ਵੀ ਪ੍ਰਚੂਨ ਵਿਕਰੀ ਦਾ ਲਾਇਸੈਂਸ ਮਿਲ ਸਕਦਾ ਹੈ।
ਚੇਤੇ ਰਹੇ ਕਿ ਪੈਟਰੋਲ ਮੰਤਰਾਲੇ ਨੇ ਪਿਛਲੇ ਵਰ੍ਹੇ ਅਕਤੂਬਰ ’ਚ ਪ੍ਰਚੂਨ ਖੇਤਰ ’ਚ ਤੇਲ ਵੇਚਣ ਨਾਲ ਜੁੜੇ ਨਿਯਮਾਂ ਵਿੱਚ ਤਬਦੀਲੀ ਲਈ ਇੱਕ ਕਮੇਟੀ ਕਾਇਮ ਕੀਤੀ ਸੀ। ਹੁਣ ਸਰਕਾਰ ਇਸ ਸਬੰਧੀ ਕੋਈ ਠੋਸ ਫ਼ੈਸਲਾ ਲੈ ਸਕਦੀ ਹੈ।
ਜੇ ਇਹ ਨੀਤੀ ਲਾਗੂ ਹੁੰਦੀ ਹੈ; ਤਾਂ ਇਸ ਦੇ ਨਿਯਮ ਕੀ ਹੋਣਗੇ; ਉਸ ਦੇ ਵੇਰਵੇ ਥੋੜ੍ਹਾ ਰੁਕ ਕੇ ਮਿਲਣਗੇ। ਇਸ ਦੀਆਂ ਕੁਝ ਸ਼ਰਤਾਂ ਵੀ ਹੋ ਸਕਦੀਆਂ ਹਨ; ਜਿਵੇਂ ਬਿਨਾ ਹੈਲਮੇਟ ਦੇ ਪੈਟਰੋਲ ਨਾ ਮਿਲਣਾ ਜਾਂ ਪਲਾਸਟਿਕ ਦੀ ਬੋਤਲ ’ਚ ਪੈਟਰੋਲ–ਡੀਜ਼ਲ ਦੀ ਵਿਕਰੀ ਨਾ ਕਰ ਸਕਣਾ ਆਦਿ।
ਇਸ ਤੋਂ ਇਲਾਵਾ ਅੱਜ ਹੀ ਕੇਂਦਰ ਸਰਕਾਰ ਕਿਸਾਨਾਂ ਲਈ ਹਾੜ੍ਹੀ ਦੀਆਂ ਫ਼ਸਲਾਂ ਦੇ ਘੱਟੋ–ਘੱਟ ਸਮਰਥਨ ਮੁੱਲਾਂ ਦਾ ਐਲਾਨ ਕਰ ਕੇ ਉਨ੍ਹਾਂ ਨੂੰ ਦੀਵਾਲ਼ੀ ਦਾ ਤੋਹਫ਼ਾ ਵੀ ਦੇ ਸਕਦੀ ਹੈ।