ਹਾਲ ਹੀ 'ਚ ਸਰਕਾਰ ਨੇ ਨਵਾਂ ਮੋਟਰ ਵਹੀਕਲ ਨਿਯਮ ਲਾਗੂ ਕੀਤਾ ਹੈ। ਨਵੇਂ ਨਿਯਮ 'ਚ ਸੋਧ ਦੇ ਨਾਲ ਹੀ ਡਰਾਈਵਿੰਗ ਲਾਈਸੈਂਸ ਨਾਲ ਸਬੰਧਤ ਨਿਯਮ 'ਚ ਵੀ ਬਦਲਾਅ ਕੀਤਾ ਗਿਆ ਹੈ। ਹੁਣ ਤੁਹਾਨੂੰ ਡਰਾਈਵਿੰਗ ਲਾਈਸੈਂਸ ਰਿਨਿਊ ਕਰਵਾਉਣ ਲਈ ਫਿਰ ਤੋਂ ਡਰਾਈਵਿੰਗ ਟੈਸਟ ਦੇਣਾ ਪਵੇਗਾ। ਨਵੇਂ ਨਿਯਮ ਤਹਿਤ ਜੇ ਤੁਹਾਡਾ ਡਰਾਈਵਿੰਗ ਲਾਈਸੈਂਸ ਇਕ ਸਾਲ ਪਹਿਲਾਂ ਐਸਕਪਾਇਰ ਹੋ ਗਿਆ ਹੈ ਤਾਂ ਉਸ ਨੂੰ ਰਿਨਿਊ ਕਰਵਾਉਣ ਲਈ ਹੁਣ ਤੁਹਾਨੂੰ ਫਿਰ ਤੋਂ ਡਰਾਈਵਿੰਗ ਟੈਸਟ ਦੇਣਾ ਪਵੇਗਾ।
ਪਹਿਲਾਂ ਇਹ ਨਿਯਮ 5 ਸਾਲ ਲਈ ਸੀ। ਪਹਿਲਾਂ ਦੇ ਨਿਯਮ ਤਹਿਤ ਜੇ ਕਿਸੇ ਦਾ ਡਰਾਈਵਿੰਗ ਲਾਈਸੈਂਸ ਐਕਸਪਾਇਰ ਹੋਏ 5 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਤਾਂ ਉਸ ਨੂੰ ਰਿਨਿਊ ਕਰਵਾਉਣ ਲਈ ਦੁਬਾਰਾ ਡਰਾਈਵਿੰਗ ਟੈਸਟ ਦੇਣਾ ਪੈਂਦਾ ਸੀ, ਪਰ ਨਵੇਂ ਮੋਟਰ ਵਹੀਕਲ ਐਕਟ ਤਹਿਤ ਇਸ ਦੀ ਮਿਆਦ ਹੁਣ 5 ਸਾਲ ਤੋਂ ਘਟਾ ਕੇ 1 ਸਾਲ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸਤੰਬਰ 2019 'ਚ ਕੇਂਦਰ ਸਰਕਾਰ ਨੇ ਨਵਾਂ ਮੋਟਰ ਸੋਧ ਬਿਲ ਲਾਗੂ ਕੀਤਾ। ਇਸ ਤੋਂ ਬਾਅਦ ਡਰਾਈਵਿੰਗ ਲਾਈਸੈਂਸ ਨੂੰ ਰਿਨਿਊ ਕਰਵਾਉਣ ਨਾਲ ਸਬੰਧਤ ਇਸ ਨਿਯਮ ਨੂੰ ਲੈ ਕੇ ਲੋਕਾਂ ਨੇ ਵਿਰੋਧ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਲਾਈਸੈਂਸ ਰਿਨਿਊ ਕਰਵਾਉਣ 'ਚ ਅੱਖਾਂ ਅਤੇ ਮੈਡੀਕਲ ਟੈਸਟ ਤਾਂ ਸਮਝ 'ਚ ਆਉਂਦਾ ਹੈ, ਪਰ ਦੁਬਾਰਾ ਡਰਾਈਵਿੰਗ ਟੈਸਟ ਦਾ ਕੋਈ ਮਤਲਬ ਨਹੀਂ। ਲੋਕਾਂ ਨੇ ਆਪਣੀ ਨਾਰਾਜ਼ਗੀ ਆਵਾਜਾਈ ਵਿਭਾਗ ਦੇ ਅਧਿਕਾਰੀਆਂ ਤਕ ਵੀ ਪਹੁੰਚਾਈ ਹੈ।

ਉਧਰ ਆਵਾਜਾਈ ਵਿਭਾਗ ਦਾ ਕਹਿਣਾ ਹੈ ਕਿ ਜੇ ਤੁਹਾਡਾ ਲਾਈਸੈਂਸ 1 ਸਾਲ ਤੋਂ ਐਕਸਪਾਇਰ ਹੋਇਆ ਪਿਆ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀ 1 ਸਾਲ ਤੋਂ ਗੱਡੀ ਨਹੀਂ ਚਲਾ ਰਹੇ ਹੋ। ਅਜਿਹੇ 'ਚ ਤੁਹਾਡੀ ਡਰਾਈਵਿੰਗ ਸਕਿਲ ਬਾਰੇ ਜਾਨਣਾ ਜ਼ਰੂਰੀ ਹੈ। ਉਨ੍ਹਾਂ ਦੀ ਦਲੀਲ ਹੈ ਕਿ ਸੜਕਾਂ ਦਾ ਆਕਾਰ-ਪ੍ਰਕਾਰ ਲਗਾਤਾਰ ਬਦਲ ਰਿਹਾ ਹੈ। ਅਜਿਹੇ 'ਚ ਇਹ ਜਾਨਣਾ ਜ਼ਰੂਰੀ ਹੈ ਕਿ ਕੋਈ ਨਵੇਂ ਨਿਯਮ ਅਤੇ ਸੜਕ ਤੋਂ ਜਾਣੂ ਹੈ ਜਾਂ ਨਹੀਂ। ਇਨ੍ਹਾਂ ਗੱਲਾਂ ਦੀ ਜਾਣਕਾਰੀ ਲਈ ਦੁਬਾਰਾ ਟੈਸਟ ਜ਼ਰੂਰੀ ਕੀਤਾ ਗਿਆ ਹੈ।