ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਭਾਵ ‘ਟਰਾਈ’ ਨੇ ਮੌਜੂਦ ਮੋਬਾਇਲ ਫ਼ੋਨ ਦੇ ਅੰਕਾਂ ਦੀ ਗਿਣਤੀ ਨੂੰ ਮੌਜੂਦਾ 10 ਤੋਂ 11 ਕਰਨ ਦਾ ਸੁਝਾਅ ਦਿੱਤਾ ਹੈ। ਅਥਾਰਟੀ ਨੇ ਨਵੀਂਆਂ ਸਿਫ਼ਾਰਸ਼ਾਂ ਕੀਤੀਆਂ ਹਨ, ਜਿਸ ਤਹਿਤ ਲੈਂਡਲਾਈਨ ਤੇ ਮੋਬਾਇਲ ਸੇਵਾਵਾਂ ਲਈ ਯੂਨੀਫ਼ਾਈਡ ਨੰਬਰਿੰਗ ਪਲਾਨ ਵੀ ਸ਼ਾਮਲ ਹੈ।
ਇਸ ਸਿਫ਼ਾਰਸ਼ ਅਨੁਸਾਰ ਲੈਂਡਲਾਈਨ ਤੋਂ ਮੋਬਾਇਲ ਨੰਬਰ ’ਤੇ ਫ਼ੋਨ ਕਰਨ ਤੋਂ ਪਹਿਲਾਂ ‘ਜ਼ੀਰੋ’ ਭਾਵ ਸਿਫ਼ਰ ਦਾ ਅੰਕ ਲਾਉਣਾ ਲਾਜ਼ਮੀ ਹੋਵੇਗਾ।
ਟਰਾਈ ਮੁਤਾਬਕ ਮੋਬਾਇਲ ਨੰਬਰਾਂ ਵਿੱਚ ਅੰਕਾਂ ਦੀ ਗਿਣਤੀ ਹੁਣ 11 ਹੋ ਜਾਵੇਗੀ ਤੇ ਨੰਬਰ ਦੀ ਸ਼ੁਰੂਆਤ 9 ਅੰਕ ਤੋਂ ਹੋਵੇਗੀ; ਇੰਝ ਲਗਭਗ 10 ਅਰਬ ਮੋਬਾਇਲ ਨੰਬਰ ਹੋਰ ਜਾਰੀ ਕੀਤੇ ਜਾ ਸਕਣਗੇ।
ਅਥਾਰਟੀ ਦਾ ਕਹਿਣਾ ਹੈ ਕਿ ਜੇ ਇਸ ਦਾ 70 ਫ਼ੀ ਸਦੀ ਵੀ ਉਪਯੋਗ ਕੀਤਾ ਗਿਆ, ਤਦ ਵੀ 7 ਅਰਬ ਮੋਬਾਇਲ ਨੰਬਰ ਉਪਲਬਧ ਹੋ ਸਕਣਗੇ।
ਟਰਾਈ ਨੇ ਸਿਫ਼ਾਰਸ਼ਾਂ ਵਿੱਚ ਡੌਂਗਲ ਲਈ ਦਿੱਤੇ ਜਾਣ ਵਾਲੇ ਮੋਬਾਇਲ ਨੰਬਰਾਂ ਦੀ ਗਿਣਛਾ ਨੂੰ 13 ਅੰਕਾਂ ਵਿੱਚ ਬਦਲਣ ਦਾ ਵੀ ਸੁਝਾਅ ਦਿੱਤਾ ਹੈ। ਅਥਾਰਟੀ ਨੇ ਲੈਂਡਲਾਈਨ ਲਈ ਵੀ ਸਿਫ਼ਾਰਸ਼ਾਂ ਕੀਤੀਆਂ ਹਨ ਕਿ ਜਿਸ ਅਧੀਨ ਫ਼ਿਕਸਡ ਲਾਈਨ ਨੰਬਰਾਂ ਨੂੰ ਦੋ ਜਾਂ ਚਾਰ ਦੇ ਸਬ–ਲੈਵਲ ਉੱਤੇ ਲਿਜਾਣ ਦਾ ਸੁਝਾਅ ਦਿੱਤਾ ਹੈ।
ਟਰਾਈ ਨੇ ਪਿਛਲੇ ਵਰ੍ਹੇ ਸਤੰਬਰ ਮਹੀਨੇ ਇਸ ਮੁੱਦੇ ਉੱਤੇ ਲੋਕਾਂ ਤੋਂ ਰਾਇ ਮੰਗੀ ਸੀ। ਅਥਾਰਟੀ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ਵਿੱਚ ਦੇਸ਼ ’ਚ ਟੈਲੀਕਾਮ ਕੁਨੈਕਸ਼ਨ ਨੂੰ ਲੈ ਕੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਸਾਲ 2050ਤੱਕ ਦਾ ਸਮਾਂ ਲੱਗੇਗਾ। ਇਸ ਦੇ ਨਾਲ ਹੀ 260 ਕਰੋੜ ਅੰਕਾਂ ਦੀ ਵੀ ਜ਼ਰੂਰਤ ਹੋਵੇਗੀ। ਇਸ ਕਾਰਨ ਟਰਾਈ ਨੇ ਮੋਬਾਇਲ ਅੰਕਾਂ ਦੀ ਗਿਣਤੀ ਵਿੱਚ ਵਾਧੇ ਦੀ ਸਿਫ਼ਾਰਸ਼ ਕੀਤੀ ਹੈ।
ਇਸ ਵੇਲੇ ਦੇਸ਼ ਵਿੱਚ 9, 7 ਅਤੇ 8 ਦੇ ਅੰਕਾਂ ਨਾਲ ਸ਼ੁਰੂ ਹੋਣ ਵਾਲੇ ਕੁੱਲ 10 ਅੰਕਾਂ ਵਾਲੇ ਮੋਬਾਇਲ ਨੰਬਰਾਂ ਦੀ ਸਮਰੱਥਾ 210 ਕਰੋੜ ਕੁਨੈਕਸ਼ਨਾਂ ਦੀ ਹੈ; ਜਦ ਕਿ 125 ਕਰੋੜ ਦੇ ਲਗਭਗ ਮੋਬਾਇਲ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ।