ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਮੀਨ (ਏ.ਆਈ.ਐਮ.ਆਈ.ਐਮ.) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਦਾਅਵਾ ਕੀਤਾ ਹੈ ਕਿ ਐਨਪੀਆਰ ਅਤੇ ਐਨਆਰਸੀ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਓਵੈਸੀ ਦੇ ਇਸ ਦਾਅਵੇ ਦੇ ਇੱਕ ਦਿਨ ਪਹਿਲਾਂ ਹੀ ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਨੇ ਸਪਸ਼ਟ ਕੀਤਾ ਸੀ ਕਿ ਐਨਪੀਆਰ ਅਤੇ ਐਨਆਰਸੀ ਦੋਹਾਂ 'ਚ ਕੋਈ ਸਬੰਧ ਨਹੀਂ ਹੈ।
ਓਵੈਸੀ ਨੇ ਦਾਅਵਾ ਕੀਤਾ, "ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਐਨਪੀਆਰ ਅਤੇ ਐਨਆਰਸੀ ਵਿਚਕਾਰ ਕੋਈ ਅੰਤਰ ਨਹੀਂ ਹੈ। ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਐਨਪੀਆਰ ਅਤੇ ਐਨਆਰਸੀ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਇਨ੍ਹਾਂ ਦੋਹਾਂ ਦੇ ਨਿਯਮ ਬਰਾਬਰ ਹਨ।" ਉਨ੍ਹਾਂ ਕਿਹਾ ਕਿ ਇਹ ਨਿਯਮ ਨਾਗਰਿਕਤਾ ਕਾਨੂੰਨ 1955 ਮੁਤਾਬਿਕ ਬਣਾਏ ਗਏ ਹਨ, ਜਿਸ 'ਚ ਐਨਪੀਆਰ ਅਤੇ ਐਨਆਰਸੀ ਦਾ ਜ਼ਿਕਰ ਹੈ। ਜੇ ਦੇਸ਼ 'ਚ ਐਨਪੀਆਰ ਹੋਵੇਗਾ ਤਾਂ ਐਨਆਰਸੀ ਵੀ ਹੋਵੇਗਾ।
ਓਵੈਸੀ ਨਾਗਰਿਕਤਾ ਸੋਧ ਕਾਨੂੰਨ, ਐਨਆਰਸੀ ਅਤੇ ਐਨਪੀਆਰ ਵਿਰੁੱਧ ਜਾਰੀ ਆਪਣੀ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਨਿਜ਼ਾਮਾਬਾਦ 'ਚ ਪ੍ਰਦਰਸ਼ਨ ਬੈਠਕ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਆਗੂਆਂ 'ਤੇ ਇਸ ਮਾਮਲੇ 'ਚ ਟੀਵੀ ਚੈਨਲਾਂ ਰਾਹੀਂ ਗਲਤ ਪ੍ਰਚਾਰ ਕਰਨ ਦਾ ਵੀ ਦੋਸ਼ ਲਗਾਇਆ।