ਆਪਣੇ ਵਤਨ ਭਾਰਤ ’ਚ ਰਹਿੰਦੇ ਆਪਣੇ ਪਰਿਵਾਰਾਂ ਨੂੰ ਧਨ ਭੇਜਣ ਵਿੱਚ ਐੱਨਆਰਆਈਜ਼ (ਪ੍ਰਵਾਸੀ ਭਾਰਤੀ) ਸਭ ਤੋਂ ਅੱਗੇ ਹਨ। ਸਾਲ 2018 ਦੌਰਾਨ ਵੀ ਉਨ੍ਹਾਂ ਆਪਣਾ ਪਹਿਲਾ ਸਥਾਨ ਕਾਇਮ ਰੱਖਿਆ ਹੈ।
ਵਿਸ਼ਵ ਬੈਂਕ ਦੀ ਰਿਪੋਰਟ ਮੁਤਾਬਕ ਸਾਲ 2018 ਦੌਰਾਨ ਐੱਨਆਰਆਈਜ਼ ਨੇ 79 ਅਰਬ ਡਾਲਰ ਭਾਰਤ ਭੇਜੇ, ਜੋ ਲਗਭਗ 55 ਖਰਬ 10 ਅਰਬ 64 ਕਰੋੜ 50 ਲੱਖ ਭਾਰਤੀ ਰੁਪਏ ਬਣਦੇ ਹਨ। ਇੰਨੀ ਰਕਮ ਹੋਰ ਕਿਸੇ ਦੇਸ਼ ਦਾ ਨਾਗਰਿਕ ਆਪਣੇ ਵਤਨ ਨੂੰ ਵਾਪਸ ਨਹੀਂ ਭੇਜਦਾ।
ਇਸ ਮਾਮਲੇ ’ਚ ਚੀਨੀਆਂ ਦੀ ਗਿਣਤੀ ਬਹੁਤ ਹੈ ਪਰ ਉਹ ਫਿਰ ਵੀ ਭਾਰਤੀਆਂ ਜਿੰਨਾ ਪੈਸਾ ਆਪਣੇ ਵਤਨ ਵਾਪਸ ਨਹੀਂ ਭੇਜਦੇ। ਪਿਛਲੇ ਲੰਮੇ ਸਮੇਂ ਤੋਂ ਇਸ ਮਾਮਲੇ ਵਿੱਚ ਭਾਰਤੀਆਂ ਦੀ ਝੰਡੀ ਰਹੀ ਹੈ।
ਉਂਝ ਭਾਰਤ ਤੋਂ ਬਾਅਦ ਚੀਨ ਦਾ ਹੀ ਨੰਬਰ ਹੈ। ਪ੍ਰਵਾਸੀ ਚੀਨੀਆਂ ਨੇ 67 ਅਰਬ ਡਾਲਰ ਆਪਣੇ ਵਤਨ ਚੀਨ ਵਾਪਸ ਭੇਜੇ ਜੋ ਲਗਭਗ 46 ਖਰਬ, 75 ਅਰਬ, 9 ਕਰੋੜ, 25 ਲੱਖ ਭਾਰਤੀ ਰੁਪਏ ਬਣਦੇ ਹਨ।
ਇੰਝ ਹੀ ਦੱਖਣੀ ਅਮਰੀਕੀ ਦੇਸ਼ ਮੈਕਸੀਕੋ ਦੇ ਵਾਸੀਆਂ ਨੇ 36 ਅਰਬ ਡਾਲਰ, ਫ਼ਿਲੀਪੀਨਜ਼ ਦੇ ਵਾਸੀਆਂ ਨੇ 34 ਅਰਬ ਡਾਲਰ ਤੇ ਮਿਸਰ ਦੇ ਪ੍ਰਵਾਸੀਆਂ ਨੇ 29 ਅਰਬ ਡਾਲਰ ਆਪੋ–ਆਪਣੇ ਮੁਲਕਾਂ ਨੂੰ ਵਾਪਸ ਭੇਜੇ।
ਭਾਰਤ ’ਚ ਐੱਨਆਰਆਈਜ਼ ਵੱਲੋਂ ਭੇਜੀ ਗਈ ਰਕਮ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਦਾ 2.9 ਫ਼ੀ ਸਦੀ ਹੈ। ਦੁਨੀਆ ਦੇ ਚਾਰ ਛੋਟੇ–ਛੋਟੇ ਦੇਸ਼ ਅਜਿਹੇ ਹਨ, ਜਿਨ੍ਹਾਂ ਦੇ ਪ੍ਰਵਾਸੀ ਨਾਗਰਿਕਾਂ ਵੱਲੋਂ ਬਾਹਰਲੇ ਦੇਸ਼ਾਂ ਤੋਂ ਭੇਜੀ ਜਾਣ ਵਾਲੀ ਰਕਮ ਉਸ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਦਾ 30 ਫ਼ੀ ਸਦੀ ਤੱਕ ਵੀ ਹੁੰਦੀ ਹੈ।