ਮੰਗਲਵਾਰ ਨੂੰ ਜਾਰੀ ਇਕ ਰਿਪੋਰਟ ਅਨੁਸਾਰ ਅਮਰੀਕਾ `ਚ ਪੜ੍ਹਾਈ ਕਰਨ ਵਾਲੇ ਭਾਰਤੀਆਂ ਦੀ ਗਿਣਤੀ `ਚ ਪਿਛਲੇ ਸਾਲ ਦੇ ਮੁਕਾਬਲੇ 5.4 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਨਿਊਜ਼ ਏਜੰਸੀ ਭਾਸ਼ਾ ਮੁਤਾਬਕ 2018 ਦੀ ਓਪਨ ਡੋਰਸ ਰਿਪੋਰਟ ਆਨ ਇੰਟਰਨੈਸ਼ਨਲ ਐਜੁਕੇਸ਼ਨ ਐਕਸਚੇਜ਼ ਮੁਤਾਬਕ ਅਮਰੀਕਾ `ਚ ਇਸ ਸਮੇਂ ਕੁਲ 1,96,271 ਭਾਰਤੀ ਪੜ੍ਹਾਈ ਕਰ ਰਹੇ ਹਨ ਅਤੇ ਲਗਾਤਾਰ ਪੰਜਵੇਂ ਸਾਲ ਭਾਰਤੀ ਵਿਦਿਆਰਥੀਆਂ ਦੀ ਗਿਣਤੀ `ਚ ਵਾਧਾ ਹੋਇਆ ਹੈ।
ਰਿਪੋਰਟ ਦੇ ਜਾਰੀ ਕਰਨ ਮੌਕੇ ਦੂਤਾਵਾਸ ਮਾਮਲਿਆਂ ਦੇ ਮੰਤਰੀ ਜੋਸਫ ਪੋਂਪਰ ਨੇ ਕਿਹਾ ਕਿ ਪਿਛਲੇ 10 ਸਾਲ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਅਮਰੀਕਾ ਜਾ ਕੇ ਪੜ੍ਹਾਈ ਕਰਨ ਵਾਲਿਆਂ ਦੀ ਗਿਣਤੀ ਦੁਗਣੀ ਹੋ ਗਈ ਹੈ। ਕਾਰਨ ਸਪੱਸ਼ਟ ਹੈ ਕਿ ਭਾਰਤੀ ਵਿਦਿਆਰਥੀ ਚੰਗੀ ਸਿੱਖਿਆ ਚਾਹੁੰਦੇ ਹਨ ਅਤੇ ਅਮਰੀਕਾ ਲਗਾਤਾਰ ਇਹ ਦੇ ਰਿਹਾ ਹੈ।
ਰਿਪੋਰਟ ਅਨੁਸਾਰ ਅਮਰੀਕਾ `ਚ ਪੜ੍ਹਨ ਵਾਲੇ ਵਾਲੇ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ `ਚ ਭਾਰਤੀਆਂ ਦੀ ਗਿਣਤੀ 18 ਫੀਸਦੀ ਹੈ। ਇਸ ਤੋਂ ਜਿ਼ਆਦਾ ਗਿਣਤੀ ਚੀਨ ਦੇ ਵਿਦਿਆਰਥੀਆਂ ਦੀ ਹੈ। ਉਥੇ 2017 ਦੀ ਇਹ ਰਿਪੋਰਟ ਦੱਸਦੀ ਹੈ ਕਿ ਪਿਛਲੇ ਸਾਲ ਅਮਰੀਕਾ `ਚ ਆਉਣ ਵਾਲੇ ਸਭ ਤੋਂ ਜਿ਼ਆਦਾ ਵਿਦੇਸ਼ੀ ਵਿਦਿਆਰਥੀ ਭਾਰਤ ਅਤੇ ਚੀਨ ਦੇ ਸਨ, ਪ੍ਰੰਤੂ ਪਹਿਲੀ ਵਾਰ ਰਜਿਸਟ੍ਰੇਸ਼ਨ ਕਰਾਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ।
ਨਿਊਯਾਰਕ `ਚ ਇੰਡੀਅਨ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੁਕੇਸ਼ਨ (ਆਈਆਈਈ) ਅਤੇ ਅਮਰੀਕੀ ਵਿਦੇਸ਼ ਮੰਤਰਾਲੇ ਦੇ ਸਿੱਖਿਆ ਅਤੇ ਸੱਭਿਆਚਾਰਕ ਮਾਮਲਿਆਂ ਦੇ ਬਿਊਰੋ ਵੱਲੋਂ ਜਾਰੀ ਰਿਪੋਰਟ `ਚ ਕਿਹਾ ਗਿਆ ਹੈ ਕਿ ਅਮਰੀਕਾ `ਚ ਪੜ੍ਹਾਈ ਕਰ ਰਹੇ ਕੁਲ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ `ਚ ਤਾਂ ਵਾਧਾ ਹੋਇਆ ਹੈ, ਉਥੇ ਪਹਿਲੀ ਵਾਰ ਕਿਸੇ ਅਮਰੀਕੀ ਸੰਸਥਾ `ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ। ਪਿਛਲੇ ਸਾਲ ਇਸ `ਚ ਤਿੰਨ ਫੀਸਦੀ ਕਮੀ ਦਰਜ ਕੀਤੀ ਗਈ।