ਕੇਂਦਰ ਸਰਕਾਰ ਨੇ 25 ਜਨਵਰੀ ਨੂੰ ਸਾਲ 2020 ਦੇ ਪਦਮ ਪੁਰਸਕਾਰ ਦੇਣ ਦਾ ਐਲਾਨ ਕੀਤਾ ਸੀ; ਜਿਨ੍ਹਾਂ ਵਿੱਚ ਬਾਲੀਵੁੱਡ ਗਾਇਕ ਅਦਨਾਨ ਸਾਮੀ ਨੂੰ ਵੀ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਅਦਨਾਨ ਸਾਮੀ ਨੂੰ ਪਦਮਸ਼੍ਰੀ ਦੇਣ ਦੇ ਮਾਮਲੇ ’ਤੇ ਹੁਣ ਸਿਆਸਤ ਭਖ ਗਈ ਹੈ।
ਕਾਂਗਰਸ ਨੇ ਅਦਨਾਨ ਸਾਮੀ ਨੂੰ ਸਨਮਾਨਿਤ ਕੀਤੇ ਜਾਣ ਉੱਤੇ ਸੁਆਲ ਉਠਾਇਆ ਹੈ ਤੇ ਵਿਅੰਗ ਕਰਦਿਆਂ ਕਿਹਾ ਹੈ ਕਿ ਹੁਣ ‘ਭਾਜਪਾ ਸਰਕਾਰ ਦੀ ਚਮਚਾਗਿਰੀ’ ਇਹ ਵੱਕਾਰੀ ਸਨਮਾਨ ਦਿੱਤੇ ਜਾਣ ਦਾ ਨਵਾਂ ਮਾਪਦੰਡ ਬਣ ਗਿਆ ਹੈ।
ਪਾਰਟੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਇਹ ਸੁਆਲ ਵੀ ਕੀਤਾ ਕਿ ਅਜਿਹਾ ਕਿਉਂ ਹੋਇਆ ਕਿ ਕਾਰਗਿਲ ਦੀ ਜੰਗ ਵਿੱਚ ਸ਼ਾਮਲ ਹੋਏ ਫ਼ੌਜੀ ਸਨਾ ਉੱਲ੍ਹਾ ਨੂੰ ਤਾਂ ਘੁਸਪੈਠੀਆ ਕਰਾਰ ਦੇ ਦਿੱਤਾ ਗਿਆ; ਜਦ ਕਿ ਉਸ ਅਦਨਾਨ ਸਾਮੀ ਨੂੰ ਪਦਮਸ਼੍ਰੀ ਪੁਰਸਕਾਰ ਦਿੱਤਾ ਜਾ ਰਿਹਾ ਹੈ; ਜਿਸ ਦੇ ਪਿਤਾ ਨੇ ਪਾਕਿਸਤਾਨੀ ਹਵਾਈ ਫ਼ੌਜ ਦੀ ਤਰਫ਼ੋਂ ਭਾਰਤ ਵਿਰੁੱਧ ਗੋਲੀਬਾਰੀ ਕੀਤੀ ਸੀ।
ਜੈਵੀਰ ਸ਼ੇਰਗਿੱਲ ਹੁਰਾਂ ਨੇ ਇੱਕ ਵਿਡੀਓ ਜਾਰੀ ਕਰ ਕੇ ਕਿਹਾ ਕਿ ਭਾਰਤੀ ਫ਼ੌਜ ਦੇ ਬਹਾਦਰ ਜਾਂਬਾਜ਼ ਸਿਪਾਹੀ ਤੇ ਭਾਰਤ ਮਾਤਾ ਦੇ ਪੁੱਤਰ ਮੁਹੰਮਦ ਸਨਾਉੱਲ੍ਹਾ; ਜਿਨ੍ਹਾਂ ਨੇ ਪਾਕਿਸਤਾਨ ਵਿਰੁੱਧ ਕਾਰਗਿਲ ਦੀ ਜੰਗ ਲੜੀ; ਉਨ੍ਹਾਂ ਨੂੰ NRC ਦੇ ਆਧਾਰ ’ਤੇ ਘੁਸਪੈਠੀਆ ਐਲਾਨ ਦਿੱਤਾ ਗਿਆ। ਪਰ ਅਦਨਾਨ ਸਾਮੀ ਨੂੰ ਪਦਮਸ਼੍ਰੀ ਨਾਲ ਨਿਵਾਜ਼ ਦਿੱਤਾ ਗਿਆ; ਜਿਸ ਦੇ ਪਿਤਾ ਪਾਕਿਸਤਾਨੀ ਹਵਾਈ ਫ਼ੌਜ ’ਚ ਅਫ਼ਸਰ ਸਨ ਤੇ ਜਿਨ੍ਹਾਂ ਨੇ ਭਾਰਤ ਵਿਰੁੱਧ ਗੋਲ਼ੀਬਾਰੀ ਕੀਤੀ ਸੀ।
ਚੇਤੇ ਰਹੇ ਕਿ ਕੁਝ ਸਾਲ ਪਹਿਲਾਂ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਵਾਲੇ ਅਦਨਾਨ ਸਾਮੀ ਨੂੰ ਇਸ ਵਰ੍ਹੇ ਪਦਮਸ਼੍ਰੀ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਹੈ। ਸਾਮੀ ਪਹਿਲਾਂ ਪਾਕਿਸਤਾਨੀ ਨਾਗਰਿਕ ਸਨ। ਪਰ ਉੱਧਰ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੇ ਸਿੰਘ ਨੇ ਅਦਨਾਨ ਸਾਮੀ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤੇ ਜਾਣ ਉੱਤੇ ਖ਼ੁਸ਼ੀ ਪ੍ਰਗਟਾਈ ਹੈ।