ਗੁਆਂਢੀ ਸੂਬੇ ਪੱਛਮੀ ਬੰਗਾਲ ਦੇ ਮੁਕਾਬਲੇ ਓੜੀਸ਼ਾ ਸੂਬਾ ‘ਰੋਸੋਗੋਲਾ’ (ਬੰਗਲਾ ਭਾਸ਼ਾ ਵਿੱਚ ਰਸਗੁੱਲੇ ਨੂੰ ਆਖਿਆ ਜਾਂਦਾ ਹੈ) ਦਾ ‘ਜੌਗਰਫ਼ਿਕਲ ਇੰਡੀਕੇਸ਼ਨ’ (GI – ਭੂਗੋਲਕ ਸੰਕੇਤ) ਟੈਗ ਤਾਂ ਜਿੱਤ ਨਹੀਂ ਸੀ ਸਕਿਆ ਪਰ ਹੁਣ ਉਸ ਦੀ ‘ਕੰਧਮਾਲ ਹਲਦੀ’ ਨੂੰ ਜ਼ਰੂਰ ਇਹ GI ਟੈਗ ਮਿਲ ਗਿਆ ਹੈ। ਓੜੀਸ਼ਾ ਦੇ ਕੇਂਦਰੀ ਜ਼ਿਲ੍ਹੇ ਕੰਧਮਾਲ ਵਿੱਚ ਹਲਦੀ ਜ਼ਿਆਦਾਤਰ ਕਬਾਇਲੀ ਲੋਕ ਉਗਾਉਂਦੇ ਹਨ।
ਕੰਧਮਾਲ ਜ਼ਿਲ੍ਹੇ ਦੇ ਕਬਾਇਲੀ ਹਲਦੀ ਉਤਪਾਦਕਾਂ ਦੀ ਸੁਸਾਇਟੀ ‘ਕੰਧਮਾਲ ਏਪੈਕਸ ਸਪਾਈਸਜ਼ ਐਸੋਸੀਏਸ਼ਨ ਫ਼ਾਰ ਮਾਰਕਿਟਿੰਗ’ (KASAM – ਕਸਮ) ਦੇ ਸਕੱਤਰ ਸੰਜੀਤ ਪਟਨਾਇਕ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ GI ਟੈਗ ਦਾ ਅੰਤਿਮ ਸਰਟੀਫ਼ਿਕੇਟ ਮਿਲ ਗਿਆ ਹੈ। ਸੂਖਮ, ਨਿੱਕੇ ਤੇ ਦਰਮਿਆਨੇ ਉੱਦਮਾਂ (MSME) ਬਾਰੇ ਮੰਤਰਾਲੇ ਦੇ ਸੈਂਟਰਲ ਟੂਲ ਰੂਮ ਅਤੇ ਟ੍ਰੇਨਿੰਗ ਸੈਂਟਰ ਨੇ ‘ਕਸਮ’ ਦੀ ਤਰਫ਼ੋਂ ਜਨਵਰੀ 2018 ਵਿੱਚ ਇੱਕ ਅਰਜ਼ੀ ਦਾਇਰ ਕੀਤੀ ਸੀ।
ਬੀਤੇ ਨਵੰਬਰ ਮਹੀਨੇ ਜੌਗਰਫ਼ਿਕਲ ਇੰਡੀਆ ਦੇ ਰਜਿਸਟਰਾਰ ਨੇ GI ਟੈਗ ਲਈ ਯੌਗ ਬਣਨ ਵਾਸਤੇ ‘ਕੰਧਮਾਲ ਹਲਦੀ’ ਦਾ ਇਸ਼ਤਿਹਾਰ ਦਿੱਤਾ ਸੀ। ਫਿਰ ਰਜਿਸਟਰਾਰ ਨੇ ਇੱਕ ਜਨਤਕ ਨੋਟਿਸ ‘ਜੌਗਰਿਫ਼ਕਲ ਇੰਡੀਕੇਸ਼ਨਜ਼ ਆਫ਼ ਗੁੱਡਜ਼ (ਰਜਿਸਟ੍ਰੇਸ਼ਨ ਐਂਡ ਪ੍ਰੋਟੈਕਸ਼ਨ) ਰੂਲਜ਼, 2002’ ਦੇ ਨਿਯਮ 41(1) ਅਧੀਨ ਜਾਰੀ ਕੀਤਾ ਸੀ। ਪਰ ‘ਕੰਧਮਾਲ ਹਲਦੀ’ ਦੇ ਮੁਕਾਬਲੇ GI ਟੈਗ ਹਾਸਲ ਕਰਨ ਲਈ ਕਿਸੇ ਹੋਰ ਦਾ ਕੋਈ ਇਤਰਾਜ਼ ਨਹੀਂ ਅੱਪੜਿਆ ਸੀ। ਫਿਰ ਬੀਤੀ 30 ਮਾਰਚ ਨੂੰ ਰਜਿਸਟਰਾਰ ਨੇ ਆਪਣੀ ਪ੍ਰਕਿਰਿਆ ਮੁਕੰਮਲ ਕਰ ਲਈ ਸੀ।
ਪਿਛਲੇ ਵਰ੍ਹੇ ਓੜੀਸ਼ਾ ਨੇ ਰਸਗੁੱਲੇ ਦਾ GI ਟੈਗ ਲੈਣਾ ਚਾਹਿਆ ਸੀ ਪਰ ਉਹ ਪੱਛਮੀ ਬੰਗਾਲ ਨੂੰ ਮਿਲ ਗਿਆ ਸੀ।