ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਮਰ ਅਬਦੁੱਲ੍ਹਾ ਤੇ ਮਹਿਬੂਬਾ ਮੁਫ਼ਤੀ ਨੂੰ ਮਿਲੀ ਆਪੋ–ਆਪਣੇ ਪਰਿਵਾਰਾਂ ਨੂੰ ਮਿਲਣ ਦੀ ਇਜਾਜ਼ਤ

ਉਮਰ ਅਬਦੁੱਲ੍ਹਾ ਤੇ ਮਹਿਬੂਬਾ ਮੁਫ਼ਤੀ ਨੂੰ ਮਿਲੀ ਆਪੋ–ਆਪਣੇ ਪਰਿਵਾਰਾਂ ਨੂੰ ਮਿਲਣ ਦੀ ਇਜਾਜ਼ਤ

ਨੈਸ਼ਨਲ ਕਾਨਫਰੰਸ (NC) ਪਾਰਟੀ ਦੇ ਆਗੂ ਉਮਰ ਅਬਦੁੱਲ੍ਹਾ ਅਤੇ ਪੀਪਲ’ਜ਼ ਡੈਮੋਕ੍ਰੈਟਿਕ ਪਾਰਟੀ (PDP) ਦੇ ਮੁਖੀ ਮਹਿਬੂਬਾ ਮੁਫ਼ਤੀ ਨੂੰ ਗ੍ਰਿਫ਼ਤਾਰੀ ਦੇ ਲਗਭਗ ਇੱਕ ਮਹੀਨੇ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਨ੍ਹਾਂ ਦੋਵੇਂ ਆਗੂਆਂ ਸਮੇਤ ਕਸ਼ਮੀਰ ਵਾਦੀ ਦੇ ਹੋਰ ਬਹੁਤ ਸਾਰੇ ਆਗੂਆਂ ਨੂੰ ਬੀਤੀ 5 ਅਗਸਤ ਦੀ ਅੱਧੀ ਰਾਤ ਵੇਲੇ ਹੀ ਪਹਿਲਾਂ ਨਜ਼ਰਬੰਦ ਕਰ ਦਿੱਤਾ ਗਿਆ ਸੀ ਤੇ ਫਿਰ ਅਗਲੇ ਦਿਨ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

 

 

ਦਰਅਸਲ, ਉਸੇ ਦਿਨ ਭਾਰਤ ਸਰਕਾਰ ਨੇ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕਰ ਦਿੱਤੀ ਸੀ। ਇਸੇ ਲਈ ਅਹਿਤਿਆਤ ਵਜੋਂ ਪਹਿਲਾਂ ਹੀ ਸਾਰੇ ਸਿਆਸੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

 

 

ਉਮਰ ਅਬਦੁੱਲ੍ਹਾ ਨੂੰ ਸ੍ਰੀਨਗਰ ਦੇ ਹਰੀ ਨਿਵਾਸ ’ਚ ਰੱਖਿਆ ਗਿਆ ਸੀ ਤੇ ਇਸੇ ਹਫ਼ਤੇ ਉਨ੍ਹਾਂ ਦੇ ਪਰਿਵਾਰ ਨੂੰ ਦੋ ਵਾਰ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਦੇ ਭੈਣ ਸਫ਼ੀਆ ਤੇ ਉਨ੍ਹਾਂ ਦੇ ਬੱਚੇ ਸ੍ਰੀ ਉਮਰ ਅਬਦੁੱਲ੍ਹਾ ਨੂੰ ਮਿਲੇ। ਹੁਣ ਸ੍ਰੀ ਅਬਦੁੱਲ੍ਹਾ ਦੀ ਦਾੜ੍ਹੀ ਬਹੁਤ ਵੱਡੀ ਹੋ ਗਈ ਹੈ।

 

 

ਸੂਤਰਾਂ ਮੁਤਾਬਕ ਮਹਿਬੂਬਾ ਮੁਫ਼ਤੀ ਦੀ ਮਾਂ ਤੇ ਭੈਣ ਨੂੰ ਵੀ ਵੀਰਵਾਰ ਵਾਲੇ ਦਿਨ ਮਿਲਣ ਦੀ ਇਜਾਜ਼ਤ ਦਿੱਤੀ ਗਈ ਸੀ। ਮਹਿਬੂਬਾ ਮੁਫ਼ਤੀ ਨੂੰ ਚਸ਼ਮਾ–ਸ਼ਾਹੀ ’ਤੇ ਸੈਰ–ਸਪਾਟਾ ਵਿਭਾਗ ਦੀ ਇੱਕ ਇਮਾਰਤ ਵਿੱਚ ਰੱਖਿਆ ਗਿਆ ਹੈ। ਹੁਣ ਉਸ ਨੂੰ ਸਬ–ਜੇਲ੍ਹ ਆਖਿਆ ਜਾਂਦਾ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਸਫ਼ੀਆ ਤੇ ਉਨ੍ਹਾਂ ਦੀ ਆਂਟੀ ਇਸ ਤੋਂ ਪਹਿਲਾਂ ਕਈ ਵਾਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਜਾ ਚੁੱਕੇ ਸਨ। ਆਖ਼ਰ ਅੱਜ ਸੋਮਵਾਰ ਨੂੰ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ। ਇਸ ਤੋਂ ਪਹਿਲਾਂ ਸ੍ਰੀ ਉਮਰ ਅਬਦੁੱਲ੍ਹਾ ਨੂੰ 12 ਅਗਸਤ ਨੂੰ ਭਾਵ ਈਦ ਵਾਲੇ ਦਿਨ ਪਰਿਵਾਰਕ ਮੈਂਬਰਾਂ ਨੂੰ ਫ਼ੋਨ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।

 

 

ਉਮਰ ਅਬਦੁੱਲ੍ਹਾ ਦੇ ਪਿਤਾ ਤੇ ਤਿੰਨ ਵਾਰ ਜੰਮੂ–ਕਸ਼ਮੀਰ ਦੇ ਮੁੱਖ ਮੰਤਰੀ ਰਹਿ ਚੁੱਕੇ ਡਾ. ਫ਼ਾਰੂਕ ਅਬਦੁੱਲ੍ਹਾ ਨੂੰ ਵੀ ਉਨ੍ਹਾਂ ਦੇ ਹੀ ਘਰ ਅੰਦਰ ਨਜ਼ਰਬੰਦ ਕਰ ਕੇ ਰੱਖਿਆ ਗਿਆ ਹੈ। ਉਨ੍ਹਾਂ ਨੂੰ ਫ਼ੋਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।

 

 

ਸੂਤਰਾਂ ਮੁਤਾਬਕ ਉਮਰ ਅਬਦੁੱਲ੍ਹਾ ਤੇ ਮਹਿਬੂਬਾ ਮੁਫ਼ਤੀ ਨੂੰ ਟੀਵੀ ਵੇਖਣ ਦੀ ਸਹੂਲਤ ਵੀ ਨਹੀਂ ਦਿੱਤੀ ਗਈ ਹੈ। ਕੇਬਲ ਟੀਵੀ ਦਾ ਪ੍ਰਸਾਰਣ ਤੇ ਅਖ਼ਬਾਰਾਂ ਦਾ ਪ੍ਰਕਾਸ਼ਨ ਤਾਂ ਪਹਿਲਾਂ ਹੀ ਬੰਦ ਪਿਆ ਹੈ। ਉ਼ਝ ਅਧਿਕਾਰੀਆਂ ਨੇ ਇਨ੍ਹਾਂ ਦੋਵੇਂ ਆਗੂਆਂ ਨੂੰ ਡੀਵੀਡੀ ਪਲੇਅਰ ਤੇ ਕੁਝ ਫ਼ਿਲਮਾਂ ਉਨ੍ਹਾਂ ਨੂੰ ਵੇਖਣ ਲਈ ਦਿੱਤੀਆਂ ਹਨ।

 

 

49 ਸਾਲਾ ਸ੍ਰੀ ਉਮਰ ਅਬਦੁੱਲ੍ਹਾ ਜ਼ਿਆਦਾਤਰ ਆਪਣੇ ਕਾਈਂਡਲ ਟੈਬਲੇਟ ਉੱਤੇ ਕਿਤਾਬਾਂ ਪੜ੍ਹਦੇ ਹਨ। ਪ੍ਰਸ਼ਾਸਨ ਭਾਵੇਂ ਆਖ ਰਿਹਾ ਹੈ ਕਿ ਜੰਮੂ–ਕਸ਼ਮੀਰ ਵਿੱਚ ਪਾਬੰਦੀਆਂ ਹੌਲੀ–ਹੌਲੀ ਹਟਾਈਆਂ ਜਾ ਰਹੀਆਂ ਹਨ ਪਰ ਹਾਲੇ ਸਿਆਸੀ ਆਗੂਆਂ ਨੂੰ ਰਿਹਾਅ ਕਰਨ ਦੇ ਕੋਈ ਆਸਾਰ ਵਿਖਾਈ ਨਹੀਂ ਦੇ ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Omar Abdullah and Mehbooba Mufti got permission to meet their families