ਭਾਰਤ ਨੂੰ ਅਮਰੀਕਾ ਦੁਆਰਾ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਫ਼ੌਜੀ ਮਦਦ ਮਨਜ਼ੂਰ ਨਹੀਂ ਹੈ। ਭਾਰਤ ਨੇ ਇਸ ਬਾਰੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਇਸ ਫੈਸਲੇ ’ਤੇ ਆਪਣੀ ਫਿਕਰ ਨਾਲ ਅਮਰੀਕਾ ਨੂੰ ਜਾਣੂ ਕਰਵਾ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਅਫਸਰਾਂ ਮੁਤਾਬਕ ਭਾਰਤ ਨੇ ਨਵੀਂ ਦਿੱਲੀ ਚ ਅਮਰੀਕੀ ਸਫਾਰਤ ਸਾਹਮਣੇ ਇਸ ਮੁੱਦੇ ਨੂੰ ਚੁੱਕਿਆ ਹੈ।
ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਦਿੱਲੀ ਚ ਇਸ ਮਾਮਲੇ ਨੂੰ ਅਮਰੀਕੀ ਸਫਾਰਤ ਸਾਹਮਣੇ ਚੁੱਕਿਆ ਗਿਆ ਹੈ। ਇਸ ਦੇ ਨਾਲ ਹੀ ਭਾਰਤੀ ਸਫੀਰ ਹਰਸ਼ਵਰਧਨ ਸ਼੍ਰੀਂਗਲਾ ਨੇ ਵਾਸ਼ਿੰਗਟਨ ਚ ਵੀ ਇਸ ਨੂੰ ਅਮਰੀਕੀ ਸਰਕਾਰ ਸਾਹਮਣੇ ਚੁਕਿਆ।
ਦੱਸ ਦੇਈਏ ਕਿ ਅਮਰੀਕਾ ਨੇ ਪਾਕਿਸਤਾਨ ਨੂੰ 12.5 ਕਰੋੜ ਡਾਲਰ ਦੀ ਤਕਨੀਕੀ ਫ਼ੌਜੀ ਮਦਦ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਫ਼ੌਜੀ ਮਦਦ ਦੇਣ ਦੇ ਫੈਸਲੇ ਤੇ ਅਮਰੀਕਾ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ। ਭਾਰਤ ਇਸ ਦੇ ਲਈ ਹਰੇਕ ਸੰਭਵ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਅਮਰੀਕਾ ਚ ਇਮਰਾਨ ਖਾਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਹੋਏ ਬੈਠਕ ਦੇ ਕੁਝ ਦਿਨਾਂ ਬਾਅਦ ਹੀ ਪੈਂਟਾਗਨ ਨੇ 26 ਜੁਲਾਈ ਨੂੰ ਕਿਹਾ ਸੀ ਕਿ ਵਿਦੇਸ਼ ਵਿਭਾਗ ਨੇ ਪਾਕਿਸਤਾਨ ਨੂੰ ਦਿੱਤੇ ਗਏ ਐਫ਼-16 ਦੀ 24 ਘੰਟੇ ਨਿਗਰਾਨੀ ਕਰਨ ਲਈ 12.5 ਕਰੋੜ ਡਾਲਰ ਦੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ।
ਦੱਸਣਯੋਗ ਹੈ ਕਿ ਅਮਰੀਕੀ ਸਰਕਾਰ ਵਲੋਂ ਪਾਕਿਸਤਾਨ ਨੂੰ ਅੱਤਵਾਦ ਖਿਲਾਫ ਕਾਰਵਾਈ ਅਤੇ ਘੁਸਪੈਠ ਰੋਕਣ ਲਈ ਸਾਲ 2002 ਤੋਂ ਤੇਜ਼ੀ ਨਾਲ ਫ਼ੌਜੀ ਮਦਦ ਦੇਣੀ ਸ਼ੁਰੂ ਕੀਤੀ ਗਈ ਸੀ। ਇਸ ਲੜੀ ਚ ਅਮਰੀਕਾ ਨੇ ਪਿਛਲੇ ਸਾਲ ਤਕ ਪਾਕਿਸਤਾਨ ਨੂੰ ਅੰਦਾਜਨ 30 ਅਰਬ ਡਾਲਰ ਤੋਂ ਵੱਧ ਦੀ ਫੌਜੀ ਮਦਦ ਦੇ ਚੁੱਕਾ ਹੈ।
ਖਾਸ ਗੱਲ ਇਹ ਹੈ ਕਿ ਟਰੰਪ ਪ੍ਰਸ਼ਾਸਨ ਨੇ ਪਾਕਿ ਨੂੰ ਸਤੰਬਰ 2018 ਚ ਦਿੱਤੀ ਜਾਣ ਵਾਲੀ ਲਗਭਗ 80 ਕਰੋੜ ਡਾਲਰ ਦੀ ਫ਼ੌਜੀ ਮਦਦ ਰੋਕ ਦਿੱਤੀ ਸੀ।
.