ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਵਿੱਚ ਕਿਸੇ ਵੀ "ਗ਼ੈਰ ਕਾਨੂੰਨੀ ਪ੍ਰਵਾਸੀ" ਨੂੰ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਆਸਾਮ ਵਿੱਚ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਜ਼ (ਐਨਆਰਸੀ) ਨੂੰ ਇੱਕ ਨਿਯਮਤ ਤਰੀਕੇ ਨਾਲ ਪੂਰਾ ਕੀਤਾ ਗਿਆ।
ਸ਼ਾਹ ਉੱਤਰ-ਪੂਰਬੀ ਕੌਂਸਲ (ਐਨਈਸੀ) ਦੇ ਚੇਅਰਮੈਨ ਵੀ ਹਨ। ਉਹ ਇਥੇ ਐਨ.ਈ.ਸੀ ਦੇ 68ਵੇਂ ਪੂਰਨ ਸੈਸ਼ਨ ਦੇ ਉਦਘਾਟਨ ਭਾਸ਼ਣ ਦੌਰਾਨ ਅੱਠ ਉੱਤਰ-ਪੂਰਬੀ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸੰਬੋਧਨ ਕਰ ਰਹੇ ਸਨ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਵੱਖ-ਵੱਖ ਲੋਕਾਂ ਨੇ ਐਨਆਰਸੀ ਉੱਤੇ ਕਈ ਕਿਸਮ ਦੇ ਸਵਾਲ ਖੜ੍ਹੇ ਕੀਤੇ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਕਿਸੇ ਵੀ ਗ਼ੈਰਕਾਨੂੰਨੀ ਪ੍ਰਵਾਸੀ ਨੂੰ ਦੇਸ਼ ਵਿੱਚ ਰਹਿਣ ਨਹੀਂ ਦੇਵੇਗੀ। ਇਹ ਸਾਡੀ ਵਚਨਬੱਧਤਾ ਹੈ।
ਹਾਲ ਹੀ ਵਿੱਚ ਐਨਆਰਸੀ ਸੂਚੀ ਜਾਰੀ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਮਾਂਬੱਧ ਢੰਗ ਨਾਲ ਪੂਰਾ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬੈਠਕ ਨੂੰ ਕੇਂਦਰੀ ਮੰਤਰੀ ਅਤੇ ਐਨਈਸੀ ਦੇ ਉਪ ਪ੍ਰਧਾਨ ਜਿਤੇਂਦਰ ਸਿੰਘ ਨੇ ਵੀ ਸੰਬੋਧਨ ਕੀਤਾ।
ਐਨਆਰਸੀ ਦੇ ਸੂਬਾਈ ਤਾਲਮੇਲ ਦਫ਼ਤਰ ਨੇ 31 ਅਗਸਤ ਨੂੰ ਕਿਹਾ ਸੀ ਕਿ 3,30,27,661 ਲੋਕਾਂ ਨੇ ਐਨਆਰਸੀ ਵਿੱਚ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ ਸੀ। ਇਨ੍ਹਾਂ ਵਿਚੋਂ 3,11,21,004 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ 19,06,657 ਲੋਕਾਂ ਨੂੰ ਬਾਹਰ ਰੱਖਿਆ ਗਿਆ ਹੈ।