ਮੋਤੀਆਬਿੰਦ ਆਪ੍ਰੇਸ਼ਨ ਦੌਰਾਨ ਇੱਕ ਸਥਾਨਕ ਹਸਪਤਾਲ ਵਿੱਚ ਕਥਿਤ ਤੌਰ ਉੱਤੇ ਘਾਤਕ ਬੈਕਟੀਰੀਆ ਨਾਲ 11 ਮਰੀਜ਼ਾਂ ਦੀ ਅੱਖਾਂ ਦੀ ਰੋਸ਼ਨੀ ਜਾਣ ਦਾ ਮਾਮਲਾ ਠੰਢਾ ਵੀ ਨਹੀਂ ਹੋਇਆ ਸੀ ਕਿ ਦੋ ਹੋਰ ਪੀੜਤ ਮਹਿਲਾਵਾਂ ਬਾਰੇ ਖੁਲਾਸਾ ਹੋਇਆ ਹੈ ਕਿ ਸੰਕ੍ਰਮਣ ਜ਼ਿਆਦਾ ਫੈਲਣ ਕਾਰਨ ਡਾਕਟਰਾਂ ਨੂੰ ਉਨ੍ਹਾਂ ਦੀ ਇੱਕ-ਇੱਕ ਅੱਖ ਕੱਢਣੀ ਪਈ।
ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਪ੍ਰਵੀਨ ਜੜੀਆ ਨੇ ਸੋਮਵਾਰ ਨੂੰ ਪੀਟੀਆਈ ਨੂੰ ਦੱਸਿਆ ਕਿ ਇੰਦੌਰ ਨੇਤਰ ਹਸਪਤਾਲ ਵਿੱਚ ਮੁੰਨੀ ਬਾਈ ਰਘੁਵੰਸ਼ੀ (60) ਅਤੇ ਰਾਧਾ ਯਾਦਵ (45) ਦਾ 5 ਅਗਸਤ ਨੂੰ ਮੋਤੀਆਬਿੰਦ ਦਾ ਆਪਰੇਸ਼ਨ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਤੋਂ ਬਾਅਦ ਦੋਵਾਂ ਮਰੀਜ਼ਾਂ ਦੀ ਆਪੋ ਆਪਣੀ ਅੱਖ ਵਿੱਚ ਬੈਕਟਰੀਆ ਦਾ ਸੰਕ੍ਰਮਣ ਵਧੇਰੇ ਫੈਲ ਗਿਆ ਸੀ। ਨਤੀਜੇ ਵਜੋਂ 13-14 ਅਗਸਤ ਨੂੰ ਡਾਕਟਰਾਂ ਨੂੰ ਇਕ ਹੋਰ ਸਰਜਰੀ ਰਾਹੀਂ ਦੋਵਾਂ ਮਰੀਜ਼ਾਂ ਦੀ ਇੱਕ-ਇੱਕ ਅੱਖ ਕੱਢਣੀ ਪਈ। ਜੇ ਸੰਕ੍ਰਮਣ ਮਰੀਜ਼ਾਂ ਦੇ ਦਿਮਾਗ਼ ਤੱਕ ਪਹੁੰਚ ਜਾਂਦਾ ਤਾਂ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ।
ਜੜੀਆ ਨੇ ਕਿਹਾ ਕਿ ਫਿਲਹਾਲ ਦੋਵਾਂ ਮਰੀਜ਼ਾਂ ਦੇ ਸਰੀਰ ਵਿੱਚ ਕੋਈ ਵੈਕਟੀਰੀਆ ਦਾ ਸੰਕ੍ਰਮਣ ਨਹੀਂ ਹੈ। ਉਨ੍ਹਾਂ ਦੀ ਸੰਕ੍ਰਮਣਿਤ ਅੱਖ ਕੱਢੇ ਜਾਣ ਦੇ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਦੇ ਜ਼ਖ਼ਮ ਸੁੱਕ ਰਹੇ ਹਨ। ਜ਼ਖ਼ਮ ਸੁੱਕ ਜਾਣ ਤੋਂ ਬਾਅਦ, ਕਾਸਮੈਟਿਕ ਸਰਜਰੀ ਰਾਹੀਂ ਖਾਲੀ ਜਗ੍ਹਾ ‘ਤੇ ਨਕਲੀ ਅੱਖ ਰੱਖੀ ਜਾਵੇਗੀ।
ਮੱਧ ਪ੍ਰਦੇਸ਼ ਸਰਕਾਰ ਇੰਦੌਰ ਦੇ ਚੋਈਥਰਾਮ ਹਸਪਤਾਲ ਵਿੱਚ ਮੋਤੀਆ ਦੇ ਆਪ੍ਰੇਸ਼ਨ ਤੋਂ ਪੀੜਤ ਅੱਠ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ, ਜਦਕਿ ਤਿੰਨ ਗੰਭੀਰ ਮਰੀਜ਼ਾਂ ਨੂੰ ਚੇਨਈ ਦੇ ਸ਼ੰਕਰ ਨੇਤਰਾਲਿਆ ਭੇਜਣ ਦਾ ਫ਼ੈਸਲਾ ਲਿਆ ਹੈ।