ਦੇਸ਼ 'ਚ ਜਿੱਥੇ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਉੱਥੇ ਹੀ ਇੱਕ ਹੋਰ ਖ਼ਬਰ ਨੇ ਭਾਰਤੀ ਹਵਾਈ ਫ਼ੌਜ ਦੀ ਚਿੰਤਾ ਵਧਾ ਦਿੱਤੀ ਹੈ। ਭਾਰਤੀ ਹਵਾਈ ਫ਼ੌਜ ਨੇ ਸਾਵਧਾਨੀ ਦੇ ਤੌਰ 'ਤੇ ਤਿੰਨ ਜਵਾਨਾਂ ਨੂੰ ਕੁਆਰੰਟੀਨ 'ਚ ਭੇਜ ਦਿੱਤਾ ਹੈ। ਦਰਅਸਲ, ਇਨ੍ਹਾਂ ਤਿੰਨਾਂ ਜਵਾਨਾਂ ਵਿੱਚੋਂ ਇੱਕ ਕੁਝ ਦਿਨ ਪਹਿਲਾਂ ਨਿਜ਼ਾਮੂਦੀਨ ਆਇਆ ਸੀ। ਜਵਾਨ ਨੇ ਦੱਸਿਆ ਕਿ ਜਿਸ ਸਮੇਂ ਉਹ ਨਿਜ਼ਾਮੂਦੀਨ 'ਚ ਸੀ, ਉੱਥੇ ਤਬਲਗੀ ਜਮਾਤ ਦਾ ਪ੍ਰੋਗਰਾਮ ਚੱਲ ਰਿਹਾ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਏਅਰ ਫ਼ੋਰਸ ਦੇ ਬੁਲਾਰੇ ਨੇ ਦੱਸਿਆ ਕਿ ਨਿਜ਼ਾਮੂਦੀਨ ਦਾ ਦੌਰਾ ਕਰਨ ਵਾਲੇ ਸਿਪਾਹੀ ਅਤੇ ਉਸ ਦੇ ਸੰਪਰਕ 'ਚ ਆਏ ਦੋ ਹੋਰ ਜਵਾਨਾਂ ਨੂੰ ਕੁਆਰੰਟੀਨ 'ਚ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਦੇ ਅੱਧ 'ਚ ਦਿੱਲੀ ਦੇ ਨਿਜ਼ਾਮੂਦੀਨ ਸਥਿੱਤ ਮਰਕਜ਼ 'ਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਤਬਲੀਗੀ ਜ਼ਮਾਤ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ, ਜਿਸ 'ਚ ਵੱਡੀ ਗਿਣਤੀ ਵਿੱਚ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ।
ਹਵਾਈ ਫ਼ੌਜ ਦੇ ਬੁਲਾਰੇ ਨੇ ਇਹ ਵੀ ਦੱਸਿਆ ਹੈ ਕਿ ਨਿਜ਼ਾਮੂਦੀਨ ਤੋਂ ਵਾਪਸ ਪਰਤਣ ਤੋਂ ਬਾਅਦ ਜਵਾਨ 'ਚ ਕੋਰੋਨਾ ਵਰਗਾ ਕੋਈ ਲੱਛਣ ਨਹੀਂ ਮਿਲਿਆ ਹੈ। ਇਸ ਦੇ ਬਾਵਜੂਦ ਉਸ ਨੂੰ ਸਾਵਧਾਨੀ ਦੇ ਤੌਰ 'ਤੇ ਕਵਾਰੰਟੀਨ 'ਚ ਭੇਜ ਦਿੱਤਾ ਗਿਆ ਹੈ।
ਨਿਜ਼ਾਮੂਦੀਨ ਮਰਕਜ਼ 'ਚ ਤਬਲੀਗੀ ਜ਼ਮਾਤ ਦੇ ਹੈੱਡਕੁਆਰਟਰ 'ਚ 2300 ਤੋਂ ਵੱਧ ਜ਼ਮਾਤੀ ਠਹਿਰੇ ਹੋਏ ਸਨ ਅਤੇ ਪਿਛਲੇ ਤਿੰਨ ਦਿਨਾਂ ਵਿੱਚ ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਸੀ। ਇਨ੍ਹਾਂ ਵਿੱਚੋਂ 617 ਵਿਅਕਤੀਆਂ ਨੂੰ ਕੋਵਿਡ-19 ਦੇ ਲੱਛਣਾਂ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦੋਂਕਿ ਬਾਕੀਆਂ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ। ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ 21 ਮਾਰਚ ਨੂੰ ਦੇਸ਼ 'ਚ ਵੱਖ-ਵੱਖ ਥਾਵਾਂ 'ਤੇ ਤਬਲੀਗੀ ਜ਼ਮਾਤ ਦੇ ਲਗਭਗ 824 ਵਿਦੇਸ਼ੀ ਰੁਕੇ ਹੋਏ ਸਨ।