ਦੱਖਣੀ ਭਾਰਤ ਦੇ ਸੂਬੇ ਤਾਮਿਲ ਨਾਡੂ ਦੇ ਸ਼ਹਿਰ ਕਰਾਈਕੁੜੀ ਦੇ ਇੱਕ ਹੋਟਲ ਮਾਲਕ ਦਾ ਦਾਅਵਾ ਹੈ ਕਿ ਪਿਆਜ਼ ਜੇ ਨਿੱਕੇ–ਨਿੱਕੇ ਟੁਕੜਿਆਂ ’ਚ ਕੱਟ ਕੇ ਖਾਧਾ ਜਾਵੇ, ਤਾਂ ਇਹ ਕੋਰੋਨਾ ਵਾਇਰਸ ਦੀ ਰੋਕਥਾਮ ਬਾਖ਼ੂਬੀ ਕਰ ਸਕਦਾ ਹੈ।
ਹੋਟਲ ਮਾਲਕ ਅਨੁਸਾਰ ਸਿੱਧ ਇਲਾਜ ਪ੍ਰਣਾਲੀ ਮੁਤਾਬਕ ਛੋਟੇ ਪਿਆਜ਼ ਨਾਲ ਜ਼ੁਕਾਮ ਨਾਲ ਸਬੰਧਤ ਰੋਗਾਂ ਦੀ ਰੋਕਥਾਮ ਹੁੰਦੀ ਹੈ; ਇਸੇ ਲਈ ਹੁਣ ਹੋਟਲ ’ਚ ਛੋਟੇ ਪਿਆਜ਼ਾਂ ਵਾਲੇ ਉੱਤਪਮ ਖ਼ਾਸ ਤੌਰ ਉੱਤੇ ਗਾਹਕਾਂ ਨੂੰ ਦਿੱਤੇ ਜਾ ਰਹੇ ਹਨ।
ਹੋਟਲ ਮਾਲਕ ਨੇ ਬਾਕਾਇਦਾ ਬੋਰਡ ਉੱਤੇ ਇਸ ਬਾਰੇ ਲਿਖ ਕੇ ਵੀ ਲਾਇਆ ਹੋਇਆ ਹੈ (ਵੇਖੋ ANI ਦੀ ਤਸਵੀਰ)।
ਚੇਤੇ ਰਹੇ ਕਿ ਕੋਰੋਨਾ ਵਾਇਰਸ ਹੁਣ ਤੱਕ ਚੀਨ ’ਚ 304 ਵਿਅਕਤੀਆਂ ਦੀਆਂ ਜਾਨਾਂ ਲੈ ਚੁੱਕਾ ਹੈ। ਹਜ਼ਾਰਾਂ ਵਿਅਕਤੀ ਇਸ ਵੇਲੇ ਇਸ ਵਾਇਰਸ ਤੋਂ ਪ੍ਰਭਾਵਿਤ ਤੇ ਪੀੜਤ ਹੋ ਚੁੱਕੇ ਹਨ।
ਸੈਂਕੜੇ ਭਾਰਤੀਆਂ ਨੂੰ ਐਮਰਜੈਂਸੀ ਹਾਲਾਤ ਵਿੱਚ ਵਿਸ਼ੇਸ਼ ਹਵਾਈ ਜਹਾਜ਼ਾਂ ਰਾਹੀਂ ਚੀਨ ਤੋਂ ਵਤਨ ਵਾਪਸ ਲਿਆਂਦਾ ਜਾ ਰਿਹਾ ਹੈ।
ਕੋਰੋਨਾ ਵਾਇਰਸ ਨਾਲ ਜ਼ੁਕਾਮ ਤੋਂ ਲੈ ਕੇ ਸਾਹ ਲੈਣ ਵਿੱਚ ਔਖ ਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਵਾਇਰਸ ਦਸੰਬਰ 2019 ’ਚ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਸੀ। ਹੁਣ ਤੱਕ ਇਸ ਵਾਇਰਸ ਦੇ ਫੈਲਣ ਤੋਂ ਰੋਕਥਾਮ ਲਈ ਕੋਈ ਇੰਜੇਕਸ਼ਨ ਨਹੀਂ ਬਣਿਆ।
ਇਸ ਵਾਇਰਸ ਦੀ ਲਾਗ ਲੱਗਣ ’ਤੇ ਬੁਖ਼ਾਰ, ਜ਼ੁਕਾਮ, ਸਾਹ ਲੈਣ ਵਿੱਚ ਔਖ, ਨੱਕ ਵਹਿਣਾ ਤੇ ਗਲ਼ੇ ਵਿੱਚ ਖ਼ਰਾਸ਼ ਜਿਹੇ ਲੱਛਣ ਪੈਦਾ ਹੁੰਦੇ ਹਨ। ਇਹ ਵਾਇਰਸ ਤੇਜ਼ੀ ਨਾਲ ਇੱਕ ਤੋਂ ਦੂਜੇ ਵਿਅਕਤੀ ਤੱਕ ਫੈਲਦਾ ਹੈ।
ਇਸ ਵਾਇਰਸ ਦੇ ਫੈਲਣ ਸਮੇਂ ਆਂਡੇ, ਮਾਸ ਖਾਣ ਅਤੇ ਜੰਗਲ਼ੀ ਜਾਨਵਰਾਂ ਦੇ ਸੰਪਰਕ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ।